1402 ਦਿਨ ਬਿਨਾਂ ਮੁਕੱਦਮਾ

0
175

ਨਵੀਂ ਦਿੱਲੀ : ਉਮਰ ਖਾਲਿਦ ਨੂੰ ਬਿਨਾਂ ਮੁਕੱਦਮਾ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਤੜੇ ਸੋਮਵਾਰ 1402 ਦਿਨ ਹੋ ਗਏ। ਉਹ ਫਿਓਦੋਰ ਦੋਸਤੋਵਸਕੀ ਦਾ ਨਾਵਲ ‘ਦੀ ਬ੍ਰਦਰਜ਼ ਕਰਮਾਜ਼ੋਵ’ ਅਤੇ ਮਨੋਜ ਮਿੱਤਾ ਦੀ ਕਿਤਾਬ ‘ਕਾਸਟ ਪ੍ਰਾਈਡ : ਬੈਟਲਜ਼ ਆਫ ਇਕੁਅਲਿਟੀ ਇਨ ਹਿੰਦੂ ਇੰਡੀਆ’ ਪੜ੍ਹ ਕੇ ਦਿਨ ਕੱਟ ਰਿਹਾ ਹੈ। ਖਾਲਿਦ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ‘ਕਨਟੈਸਟਿੰਗ ਕਲੇਮਜ਼ ਐਂਡ ਕਨਟਿਨਜੈਂਸੀਜ਼ ਆਫ ਦੀ ਰੂਲ ਔਨ ਆਦੀਵਾਸਿਸ ਆਫ ਝਾਰਖੰਡ’ ਵਿਚ ਪੀ ਐੱਚ ਡੀ ਕੀਤੀ ਸੀ। ਯੂਨੀਵਰਸਿਟੀ ਨੇ ਪਹਿਲਾਂ ਉਸ ਦੇ ਇਸ ਥੀਸਿਸ ਨੂੰ ਮਨਜ਼ੂਰ ਕਰਨ ਤੋਂ ਨਾਂਹ ਕਰ ਦਿੱਤੀ, ਪਰ ਕੋਰਟ ਦੀਆਂ ਝਾੜਾਂ ਤੋਂ ਬਾਅਦ 2 ਅਗਸਤ 2018 ਵਿਚ ਮਨਜ਼ੂਰ ਕਰਨ ਲਈ ਮਜਬੂਰ ਹੋ ਗਈ।
ਯੂਨੀਵਰਸਿਟੀ ਵਿਚ 9 ਫਰਵਰੀ 2016 ਨੂੰ ਵਾਪਰੀਆਂ ਘਟਨਾਵਾਂ ਤੋਂ ਬਾਅਦ ਅਧਿਕਾਰੀਆਂ ਦੇ ਪੈਨਲ ਦੀ ਸਿਫਾਰਸ਼ ’ਤੇ ਉਸ ਨੂੰ ਯੂਨੀਵਰਸਿਟੀ ਵਿੱਚੋਂ ਕੱਢ ਦਿੱਤਾ ਗਿਆ।
ਉਮਰ ਦੇ ਸਾਥੀ ਬਨੋਜਿਓਤਸਨਾ ਲਹਿਰੀ ਮੁਤਾਬਕ ਮੁਕੱਦਮਾ ਚੱਲਣ ਵਿਚ ਏਨੀ ਦੇਰੀ ਦੇ ਬਾਵਜੂਦ ਉਸ ਦੇ ਹੌਸਲੇ ਬੁਲੰਦ ਹਨ। ਖਾਲਿਦ ਨੂੰ ਹਫਤੇ ਵਿਚ ਇਕ ਬੰਦਾ ਮਿਲ ਸਕਦਾ ਹੈ। ਲਹਿਰੀ ਪਿਛਲੇ ਹਫਤੇ ਮਿਲਿਆ ਸੀ।
ਲਹਿਰੀ ਨੇ ਦੱਸਿਆ ਕਿ ਉਹ ਦੋਸਤੋਵਸਕੀ ਤੇ ਮਨੋਜ ਮਿੱਤਾ ਨੂੰ ਪੜ੍ਹ ਰਿਹਾ ਹੈ। ਦਿੱਲੀ ਪੁਲਸ ਨੇ ਨਾਗਰਿਕਤਾ ਸੋਧ ਕਾਨੂੰਨ ਤੇ ਨਾਗਰਿਕ ਕੌਮੀ ਰਜਿਸਟਰ ਖਿਲਾਫ ਚੱਲੇ ਅੰਦੋਲਨ ਦੌਰਾਨ 2020 ਵਿਚ ਦਿੱਲੀ ’ਚ ਹੋਈ ਹਿੰਸਾ ਦੌਰਾਨ 53 ਲੋਕਾਂ ਦੀ ਮੌਤ ਤੋਂ ਬਾਅਦ ਖਾਲਿਦ ਨੂੰ ਸਤੰਬਰ 2020 ਵਿਚ ਗਿ੍ਰਫਤਾਰ ਕੀਤਾ ਸੀ।
ਉਸ ਨੂੰ ਹੇਠਲੀਆਂ ਤੋਂ ਲੈ ਕੇ ਉਤਲੀਆਂ ਅਦਾਲਤਾਂ ਤੋਂ ਅਜੇ ਤੱਕ ਜ਼ਮਾਨਤ ਨਹੀਂ ਮਿਲੀ। ਉਸ ’ਤੇ ਗੈਰਕਾਨੂੰਨੀ ਸਰਗਰਮੀਆਂ ਰੋਕੂ ਕਾਨੂੰਨ ਵਰਗਾ ਸਖਤ ਕਾਨੂੰਨ ਲਾਗੂ ਕੀਤਾ ਗਿਆ ਹੈ।

LEAVE A REPLY

Please enter your comment!
Please enter your name here