3 ਪਿਸਤੌਲਾਂ ਸਮੇਤ 3 ਗਿ੍ਰਫਤਾਰ

0
135

ਅੰਮਿ੍ਰਤਸਰ (ਜਸਬੀਰ ਸਿੰਘ ਪੱਟੀ,
ਨਰਿੰਦਰਜੀਤ ਸਿੰਘ)
ਹਥਿਆਰਾਂ ਦੀ ਤਸਕਰੀ ਦੇ ਇੱਕ ਹੋਰ ਅੰਤਰਰਾਜੀ ਨੈੱਟਵਰਕ ਦਾ ਪਰਦਾ ਫਾਸ਼ ਕਰਦਿਆਂ ਸਟੇਟ ਸਪੈਸ਼ਲ ਅਪ੍ਰੇਸ਼ਨ ਸੈੱਲ (ਐੱਸ ਐੱਸ ਓ ਸੀ) ਅੰਮਿ੍ਰਤਸਰ ਨੇ ਤਿੰਨ ਵਿਅਕਤੀਆਂ ਨੂੰ 32 ਬੋਰ ਦੇ ਤਿੰਨ ਪਿਸਤੌਲਾਂ ਸਮੇਤ ਗਿ੍ਰਫ਼ਤਾਰ ਕੀਤਾ ਹੈ।
ਡੀ ਜੀ ਪੀ ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਗਿ੍ਰਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸੁਖਦੇਵ ਸਿੰਘ ਉਰਫ ਮੱਟੂ, ਸਾਹਿਲ ਕੁਮਾਰ ਉਰਫ ਮਸਤ ਦੋਵੇਂ ਵਾਸੀ ਛੋਟਾ ਹਰੀਪੁਰਾ, ਅੰਮਿ੍ਰਤਸਰ ਅਤੇ ਪ੍ਰਭਜੋਤ ਸਿੰਘ ਉਰਫ ਪ੍ਰਭ ਵਾਸੀ ਗੁਰੂ ਨਾਨਕਪੁਰਾ (ਅੰਮਿ੍ਰਤਸਰ) ਵਜੋਂ ਹੋਈ ਹੈ।ਪੁਲਸ ਟੀਮਾਂ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਤਿੰਨ ਪਿਸਤੌਲ ਬਰਾਮਦ ਕਰਨ ਤੋਂ ਇਲਾਵਾ ਤਿੰਨ ਮੈਗਜ਼ੀਨ ਅਤੇ ਛੇ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ।
ਇਹ ਸਫ਼ਲਤਾ ਐੱਸ ਐੱਸ ਓ ਸੀ ਅੰਮਿ੍ਰਤਸਰ ਵੱਲੋਂ ਵਿਦੇਸ਼ੀ ਮੂਲ ਦੇ ਅੱਤਵਾਦੀ ਲਖਬੀਰ ਉਰਫ਼ ਲੰਡਾ ਦੀ ਹਮਾਇਤ ਪ੍ਰਾਪਤ ਹਥਿਆਰਾਂ ਦੀ ਤਸਕਰੀ ਦੇ ਮਡਿਊਲ ਦਾ ਪਰਦਾ ਫਾਸ਼ ਕਰਕੇ ਇਸ ਦੇ ਦੋ ਕਾਰਕੁਨਾਂ ਨੂੰ .32 ਬੋਰ ਦੇ ਛੇ ਅਤਿ-ਆਧੁਨਿਕ ਪਿਸਤੌਲਾਂ, ਮੈਗਜ਼ੀਨਾਂ ਅਤੇ ਗੋਲੀ-ਸਿੱਕੇ ਸਮੇਤ ਗਿ੍ਰਫਤਾਰ ਕੀਤੇ ਜਾਣ ਤੋਂ ਇੱਕ ਦਿਨ ਬਾਅਦ ਸਾਹਮਣੇ ਆਈ ਹੈ।ਯਾਦਵ ਨੇ ਦੱਸਿਆ ਕਿ ਐੱਸ ਐੱਸ ਓ ਸੀ ਅੰਮਿ੍ਰਤਸਰ ਨੂੰ ਖੁਫ਼ੀਆ ਜਾਣਕਾਰੀ ਮਿਲੀ ਸੀ ਕਿ ਅੰਮਿ੍ਰਤਸਰ ਦੇ ਕੁਝ ਵਿਅਕਤੀ ਅੰਤਰਰਾਜੀ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਹਨ ਅਤੇ ਉਨ੍ਹਾਂ ਮੱਧ ਪ੍ਰਦੇਸ਼ ਦੇ ਗੈਰ-ਕਾਨੂੰਨੀ ਹਥਿਆਰਾਂ ਦੇ ਡੀਲਰਾਂ ਤੋਂ ਹਥਿਆਰਾਂ ਦੀ ਖੇਪ ਖਰੀਦੀ ਹੈ। ਉਨ੍ਹਾਂ ਵੱਲੋਂ ਇਹ ਖੇਪ ਵੱਲਾ ਦੀ ਗੁਰੂ ਤੇਗ ਬਹਾਦਰ ਮਾਰਕੀਟ ਦੇ ਇਲਾਕੇ ਵਿੱਚ ਕੁਝ ਅਪਰਾਧਿਕ ਅਨਸਰਾਂ ਤੱਕ ਪਹੁੰਚਾਈ ਜਾਣੀ ਹੈ।
ਤੇਜ਼ੀ ਨਾਲ ਕਾਰਵਾਈ ਕਰਦਿਆਂ ਐੱਸ ਐੱਸ ਓ ਸੀ ਅੰਮਿ੍ਰਤਸਰ ਦੀਆਂ ਪੁਲਸ ਟੀਮਾਂ ਨੇ ਅਪ੍ਰੇਸ਼ਨ ਚਲਾਇਆ ਅਤੇ ਤਿੰਨੋਂ ਮੁਲਜ਼ਮਾਂ ਨੂੰ ਤਿੰਨ ਪਿਸਤੌਲਾਂ ਸਮੇਤ ਉਸ ਸਮੇਂ ਗਿ੍ਰਫ਼ਤਾਰ ਕਰ ਲਿਆ, ਜਦੋਂ ਉਹ ਖੇਪ ਦੀ ਡਲਿਵਰੀ ਲਈ ਵੱਲਾ ਇਲਾਕੇ ਵਿੱਚ ਖਰੀਦਦਾਰਾਂ ਦੀ ਉਡੀਕ ਕਰ ਰਹੇ ਸਨ।
ਡੀ ਜੀ ਪੀ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗਿ੍ਰਫ਼ਤਾਰ ਕੀਤੇ ਗਏ ਦੋ ਮੁਲਜ਼ਮਾਂ ਸੁਖਦੇਵ ਸਿੰਘ ਉਰਫ਼ ਮੱਟੂ ਅਤੇ ਸਾਹਿਲ ਕੁਮਾਰ ਉਰਫ਼ ਮਸਤ ਦਾ ਇੱਕ ਕਤਲ ਕੇਸ ਵਿੱਚ ਸ਼ਮੂਲੀਅਤ ਸਮੇਤ ਪੁਰਾਣਾ ਅਪਰਾਧਿਕ ਰਿਕਾਰਡ ਹੈ। ਹੋਰ ਵੇਰਵੇ ਸਾਂਝੇ ਕਰਦਿਆਂ ਏ ਆਈ ਜੀ ਐੱਸ ਐੱਸ ਓ ਸੀ ਅੰਮਿ੍ਰਤਸਰ ਸੁਖਮਿੰਦਰ ਸਿੰਘ ਮਾਨ ਨੇ ਦੱਸਿਆ ਕਿ ਮੱਧ ਪ੍ਰਦੇਸ਼ ਵਿੱਚ ਹਥਿਆਰਾਂ ਦੇ ਡੀਲਰ ਅਤੇ ਜਿਨ੍ਹਾਂ ਵਿਅਕਤੀਆਂ ਨੂੰ ਹਥਿਆਰਾਂ ਦੀ ਇਹ ਖੇਪ ਪਹੁੰਚਾਈ ਜਾਣੀ ਸੀ, ਦੀ ਪਛਾਣ ਲਈ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here