ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮੰਗਲਵਾਰ ਨਵਦੀਪ ਜਲਬੇੜਾ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ। ਕਿਸਾਨ ਕਾਰਕੁਨ ਨਵਦੀਪ ਨੂੰ ਅੰਬਾਲਾ ਪੁਲਸ ਨੇ ਕਿਸਾਨਾਂ ਦੇ ਦਿੱਲੀ ਚੱਲੋ ਅੰਦੋਲਨ ਦੇ ਸਿਲਸਿਲੇ ਵਿਚ ਮਾਰਚ ’ਚ ਮੁਹਾਲੀ ਤੋਂ ਗਿ੍ਰਫਤਾਰ ਕੀਤਾ ਸੀ। ਨਵਦੀਪ ਕਾਲੇ ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਦੌਰਾਨ ਪਾਣੀ ਦੀ ਤੋਪ ਉੱਤੇ ਚੜ੍ਹਨ ਦੇ ਬਾਅਦ ਵਾਟਰ ਕੈਨਨ ਮੈਨ ਵਜੋਂ ਮਸ਼ਹੂਰ ਹੋ ਗਿਆ ਸੀ। ਕਿਸਾਨਾਂ ਨੇ ਐਲਾਨ ਕੀਤਾ ਹੋਇਆ ਸੀ ਕਿ ਉਹ ਨਵਦੀਪ ਦੀ ਰਿਹਾਈ ਲਈ 17 ਜੁਲਾਈ ਨੂੰ ਅੰਬਾਲਾ ਦੇ ਐੱਸ ਪੀ ਦਫਤਰ ਦਾ ਘਿਰਾਓ ਕਰਨਗੇ।
ਸ਼ੰਭੂ ਬਾਰਡਰ ਖੁੱਲ੍ਹਦਿਆਂ ਹੀ ਦਿੱਲੀ ਵੱਲ ਵਧਾਂਗੇ : ਡੱਲੇਵਾਲ
ਚੰਡੀਗੜ੍ਹ : ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਮੰਗਲਵਾਰ ਕਿਹਾ ਕਿ ਜਦੋਂ ਵੀ ਅੰਬਾਲਾ ਦੇ ਸ਼ੰਭੂ ਬਾਰਡਰ ਨੇੜੇ ਬੈਰੀਕੇਡਿੰਗ ਖੋਲ੍ਹੀ ਜਾਵੇਗੀ, ਕਿਸਾਨ ਦਿੱਲੀ ਵੱਲ ਰਵਾਨਾ ਹੋਣਗੇ। ਇਸ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਹਰਿਆਣਾ ਸਰਕਾਰ ਨੂੰ ਸ਼ੰਭੂ ’ਤੇ ਬੈਰੀਕੇਡਿੰਗ ਨੂੰ ਖੋਲ੍ਹਣ ਲਈ ਕਿਹਾ ਗਿਆ ਸੀ। ਹਰਿਆਣਾ ਸਰਕਾਰ ਨੇ ਹਾਈ ਕੋਰਟ ਦੇ ਹੁਕਮਾਂ ਨੂੰ ਸੁਪਰੀਮ ਕੋਰਟ ’ਚ ਚੁਣੌਤੀ ਦਿੱਤੀ ਹੈ। ਡੱਲੇਵਾਲ ਨੇ ਕਿਹਾ-ਸਾਡਾ ਫੈਸਲਾ ਹੈ ਕਿ ਜਦੋਂ ਵੀ ਸੜਕ ਖੋਲ੍ਹੀ ਜਾਵੇਗੀ, ਅਸੀਂ ਦਿੱਲੀ ਵੱਲ ਵਧਾਂਗੇ। ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।
ਸੁਪਰੀਮ ਕੋਰਟ ’ਚ ਸੁਣਵਾਈ 22 ਨੂੰ
ਨਵੀਂ ਦਿੱਲੀ : ਸ਼ੰਭੂ ਬਾਰਡਰ ਖੋਲ੍ਹਣ ਦੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਖਿਲਾਫ ਹਰਿਆਣਾ ਸਰਕਾਰ ਦੀ ਪਟੀਸ਼ਨ ’ਤੇ ਸੁਪਰੀਮ ਕੋਰਟ 22 ਜੁਲਾਈ ਨੂੰ ਸੁਣਵਾਈ ਕਰੇਗੀ। ਹਰਿਆਣਾ ਸਰਕਾਰ ਨੇ ਕਿਹਾ ਹੈ ਕਿ ਫਿਲਹਾਲ ਸਥਿਤੀ ਠੀਕ ਨਹੀਂ ਹੈ, ਕਿਸਾਨ ਅਤੇ ਪ੍ਰਦਰਸ਼ਨਕਾਰੀ ਵੱਡੀ ਗਿਣਤੀ ’ਚ ਟਰੈਕਟਰ-ਟਰਾਲੀਆਂ ਰਾਹੀਂ ਆ ਸਕਦੇ ਹਨ, ਕਾਨੂੰਨ ਵਿਵਸਥਾ ਵਿਗੜ ਸਕਦੀ ਹੈ, ਇਸ ਲਈ ਇਸ ਹੁਕਮ ’ਤੇ ਰੋਕ ਲਗਾਈ ਜਾਵੇ। ਹਾਈ ਕੋਰਟ ਨੇ ਕਿਹਾ ਸੀ ਕਿ ਜਦੋਂ ਸ਼ੰਭੂ ’ਚ ਸਥਿਤੀ ਸ਼ਾਂਤੀਪੂਰਨ ਹੈ ਤਾਂ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਦੀ ਕੋਈ ਤੁਕ ਨਹੀਂ ਹੈ।
ਸਿਸੋਦੀਆ ਦੀ ਪਟੀਸ਼ਨ ’ਤੇ 29 ਨੂੰ ਸੁਣਵਾਈ
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਮੰਗਲਵਾਰ ਦਿੱਲੀ ਆਬਕਾਰੀ ਨੀਤੀ ਘੁਟਾਲੇ ਨਾਲ ਜੁੜੇ ਭਿ੍ਰਸ਼ਟਾਚਾਰ ਅਤੇ ਮਨੀ ਲਾਂਡਰਿੰਗ ਦੇ ਮਾਮਲਿਆਂ ’ਚ ‘ਆਪ’ ਆਗੂ ਮਨੀਸ਼ ਸਿਸੋਦੀਆ ਦੀ ਜ਼ਮਾਨਤ ਦੀ ਅਰਜ਼ੀ ’ਤੇ ਸੁਣਵਾਈ ਲਈ ਸਹਿਮਤੀ ਦਿੱਤੀ। ਜਸਟਿਸ ਬੀ ਆਰ ਗਵਈ ਦੀ ਅਗਵਾਈ ਵਾਲੀ ਬੈਂਚ ਨੇ ਸਿਸੋਦੀਆ ਦੀ ਪਟੀਸ਼ਨ ’ਤੇ ਸੀ ਬੀ ਆਈ ਅਤੇ ਈ ਡੀ ਤੋਂ ਜਵਾਬ ਮੰਗ ਕੇ ਮਾਮਲੇ ਦੀ ਸੁਣਵਾਈ 29 ਜੁਲਾਈ ’ਤੇ ਪਾ ਦਿੱਤੀ।


