ਚੰਡੀਗੜ੍ਹ : ਪੰਜਾਬ ਦੇ ਕੁਝ ਕਸਬਿਆਂ ’ਚ ਡਾਇਰੀਆ ਦੇ ਫੈਲਾਅ ਨੂੰ ਗੰਭੀਰਤਾ ਨਾਲ ਲੈਂਦਿਆਂ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਮੰਗਲਵਾਰ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨਾਲ ਹੰਗਾਮੀ ਮੀਟਿੰਗ ਕੀਤੀ।
ਵਰਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਪੱਸ਼ਟ ਨਿਰਦੇਸ਼ ਜਾਰੀ ਕੀਤੇ ਹਨ ਕਿ ਸਾਰੀਆਂ ਨਗਰ ਨਿਗਮਾਂ ਅਤੇ ਮਿਉਂਸਪਲ ਕਮੇਟੀਆਂ ਆਪੋ-ਆਪਣੇ ਅਧਿਕਾਰ ਖੇਤਰਾਂ ’ਚ ਲੋਕਾਂ ਦੇ ਪੀਣ ਲਈ 100 ਫੀਸਦੀ ਸਾਫ ਪਾਣੀ ਯਕੀਨੀ ਬਣਾਉਣ। ਉਨ੍ਹਾ ਡਿਪਟੀ ਕਮਿਸ਼ਨਰਾਂ, ਨਗਰ ਨਿਗਮ ਕਮਿਸ਼ਨਰਾਂ ਅਤੇ ਕਾਰਜਕਾਰੀ ਅਧਿਕਾਰੀਆਂ ਨੂੰ ਆਪਣੇ ਅਧਿਕਾਰ ਖੇਤਰ ’ਚ ਪੈਂਦੇ ਸੰਵੇਦਨਸ਼ੀਲ ਅਤੇ ਝੁੱਗੀ-ਝੌਂਪੜੀ ਵਾਲੇ ਇਲਾਕਿਆਂ ਦਾ ਨਿੱਜੀ ਤੌਰ ’ਤੇ ਦੌਰਾ ਕਰਨ ਦੇ ਨਿਰਦੇਸ਼ ਦਿੱਤੇ। ਵਰਮਾ ਨੇ ਸਥਾਨਕ ਸਰਕਾਰ ਵਿਭਾਗ ਦੇ ਸਕੱਤਰ ਨੂੰ ਹਦਾਇਤ ਕੀਤੀ ਕਿ ਉਹ ਸਾਰੇ ਕਮਿਸ਼ਨਰਾਂ ਅਤੇ ਈਓਜ਼ ਤੋਂ ਸਰਟੀਫਿਕੇਟ ਲੈਣ ਕਿ ਉਨ੍ਹਾਂ ਦੇ ਅਧਿਕਾਰ ਖੇਤਰ ’ਚ ਸਾਰੇ ਖੇਤਰਾਂ ਦੇ ਸਾਰੇ ਇਲਾਕਿਆਂ ’ਚ ਪੂਰੀ ਤਰ੍ਹਾਂ ਗੰਦਗੀ ਰਹਿਤ ਸਾਫ-ਸੁਥਰਾ ਪੀਣ ਵਾਲਾ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ।
ਵਰਮਾ ਨੇ ਜਲ ਸਪਲਾਈ ਅਤੇ ਸੈਨੀਟੇਸ਼ਨ ਦੇ ਪ੍ਰਮੁੱਖ ਸਕੱਤਰ ਨੂੰ ਦਿਹਾਤੀ ਖੇਤਰਾਂ ’ਚ ਵੀ ਇਸੇ ਕਵਾਇਦ ਨੂੰ ਅਪਨਾਉਣ ਦੇ ਨਿਰਦੇਸ਼ ਦਿੱਤੇ। ਵਰਮਾ ਨੇ ਸਕੱਤਰ ਸਿਹਤ ਨੂੰ ਪਾਣੀ ਦੇ ਸੈਂਪਲਾਂ ਦੀ ਗਿਣਤੀ ਦੁੱਗਣੀ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾ ਹੁਣ ਤੱਕ ਬਿਮਾਰ ਪਏ ਵਿਅਕਤੀਆਂ ਦਾ ਮੁਫਤ ਅਤੇ ਢੁੱਕਵਾਂ ਇਲਾਜ ਯਕੀਨੀ ਬਣਾਉਣ ਲਈ ਹਦਾਇਤ ਵੀ ਕੀਤੀ।




