ਅੰਮਿ੍ਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਵੀ ਸੀ ਦਫਤਰ ਦੇ ਬਾਹਰ ਉਸ ਵੇਲੇ ਭਾਰੀ ਹੰਗਾਮਾ ਹੋਇਆ ਜਦੋਂ ਯੂਨੀਵਰਸਿਟੀ ਦੇ ਵਿਦਿਆਰਥੀ ਆਪਣੀਆਂ ਮੰਗਾਂ ਸੰਬੰਧੀ ਵੀ ਸੀ ਨੂੰ ਮੈਮੋਰੈਂਡਮ ਸੌਂਪਣ ਪਹੁੰਚੇ | ਇਹ ਮੰਗ ਪੱਤਰ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਬਣਾਈ ਗਈ ‘ਵਿਦਿਆਰਥੀ ਐਕਸ਼ਨ ਕਮੇਟੀ’ ਵੱਲੋਂ ਤਿਆਰ ਕੀਤਾ ਗਿਆ ਸੀ, ਜਿਸ ਵਿਚ ਲਾਇਬ੍ਰੇਰੀ ‘ਚ ਮੌਜੂਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਮਰਯਾਦਾ ਬਹਾਲੀ, ਪੰਜਾਬੀ ਯੂਨੀਵਰਸਿਟੀ ਦੇ ਬਰਾਬਰ ਫੀਸਾਂ ਕਰਨ, ਪੰਜਾਬੀ ‘ਚ ਪੇਪਰ ਦੇਣ ਦਾ ਹੱਕ, ਆਡੀਟੋਰੀਅਮ ਮੁਫਤ ਮੁਹੱਈਆ ਕਰਾਉਣ, ਰਿਸਰਚ ਸਕਾਲਰਾਂ ਨੂੰ ਕਾਰ ਟੈਗ ‘ਤੇ ਨਵੀਂ ਯੂਨੀਅਨ ਦੀ ਚੋਣ, ਵਿਦਿਆਰਥੀ ਚੋਣਾਂ, ਵਿਦਿਆਰਥੀਆਂ ਦੀ ਸਮੱਸਿਆ ਲਈ ਸ਼ਿਕਾਇਤ ਨਿਵਰਾਣ ਕਮੇਟੀ ਸਮੇਤ ਦਸ ਮੰਗਾਂ ਸ਼ਾਮਲ ਹਨ | ਮੰਗ ਪੱਤਰ ਦੇਣ ਪਹੁੰਚੇ ਵਿਦਿਆਰਥੀਆਂ ਨੂੰ ਸੁਰੱਖਿਆ ਅਮਲੇ ਨੇ ਰੋਕਿਆ ਤੇ ਪੁਲਸ ਪ੍ਰਸਾਸ਼ਨ ਨੂੰ ਬੁਲਾਇਆ ਗਿਆ | ਇਸ ਤੋਂ ਬਾਅਦ ਕਮੇਟੀ ਨੂੰ ਕਿਹਾ ਗਿਆ ਕਿ ਵੀ ਸੀ ਯੂਨੀਵਰਸਿਟੀ ‘ਚ ਨਹੀਂ ਹਨ | ਵਿਰੋਧ ਵਜੋਂ ਵਿਦਿਆਰਥੀਆਂ ਵੱਲੋਂ ਦਫਤਰ ਬਾਹਰ ਧਰਨਾ ਸ਼ੁਰੂ ਕਰ ਦਿੱਤਾ ਗਿਆ ਤਾਂ ਧਰਨਾ ਜਬਰੀ ਚੁਕਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਪੁਲਸ ਵੱਲੋਂ ਵਿਦਿਆਰਥੀਆਂ ਦੇ ਨਾਂਅ ਅਤੇ ਨੰਬਰ ਨੋਟ ਕੀਤੇ ਗਏ | ਇਸ ਮੌਕੇ ਮਸਲੇ ਦੀ ਕਵਰੇਜ ਕਰ ਰਹੇ ਮੀਡੀਆ ਕਰਮੀਆਂ ਨਾਲ ਬਦਸਲੂਕੀ ਕੀਤੀ ਗਈ | ਹੰਗਾਮਾ ਵਧਦਾ ਦੇਖ ਵੀ ਸੀ ਮੌਕੇ ‘ਤੇ ਪਹੁੰਚੇ ਤੇ ਐਕਸ਼ਨ ਕਮੇਟੀ ਨਾਲ ਮੀਟਿੰਗ ਕੀਤੀ | ਵੀ ਸੀ, ਡੀਨ ਤੇ ਰਜਿਸਟ੍ਰਾਰ ਸਮੇਤ ਹੋਰ ਪ੍ਰਸਾਸਨਿਕ ਅਧਿਕਾਰੀਆਂ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ | ਪ੍ਰਸਾਸ਼ਨ ਨੇ ਫੀਸਾਂ ਦੇ ਮਸਲੇ ‘ਤੇ ਫੰਡਾਂ ਦੀ ਘਾਟ ਕਹਿ ਕੇ ਪੱਲਾ ਝਾੜ ਲਿਆ | ਇਸ ਤੋਂ ਇਲਾਵਾ ਕਈ ਮੰਗਾਂ ਤੇ ਵੀ ਸੀ ਵੱਲੋਂ ਹਾਂ ਪੱਖੀ ਜਵਾਬ ਦਿੱਤਾ ਗਿਆ | ਵਿਦਿਆਰਥੀ ਚੋਣਾਂ, ਪੰਜਾਬੀ ‘ਚ ਪੇਪਰ ਦੇਣ ਦੇ ਹੱਕ ਤੋਂ ਇਕ ਦੋ ਹੋਰ ਮਸਲਿਆਂ ‘ਤੇ ਕੋਈ ਸਹਿਮਤੀ ਨਹੀਂ ਬਣ ਸਕੀ | ਵਿਦਿਆਰਥੀਆਂ ਵੱਲੋਂ ਮੰਗ ਕੀਤੀ ਗਈ ਕਿ ਸਾਨੂੰ ਸਾਰੇ ਮਸਲਿਆਂ ‘ਤੇ ਲਿਖਤੀ ਉਤਰ ਦਿੱਤਾ ਜਾਵੇ ਪਰ ਇਸ ਗੱਲ ਤੋਂ ਨਾਂਹ ਕਰਦਿਆਂ ਪ੍ਰਸਾਸਨ ਨੇ ਦੋ ਹਫਤਿਆਂ ਬਾਅਦ ਦੁਬਾਰਾ ਮੀਟਿੰਗ ਕਰਨ ਦਾ ਸਮਾਂ ਦਿੱਤਾ | ਏ ਆਈ ਐਸ ਐਫ ਵੱਲੋਂ ਲਵਪ੍ਰੀਤ ਮਾੜੀਮੇਘਾ, ਪੀ ਐੱਸ ਯੂ (ਐੱਲ) ਵੱਲੋਂ ਗੁਰਪ੍ਰੀਤ ਸਿੰਘ, ਸੱਥ ਵੱਲੋਂ ਗੁਰਵਿੰਦਰ ਸਿੰਘ , ਐੱਸ ਐੱਫ ਐੱਸ ਵੱਲੋਂ ਵਿਜੈ, ਯੂ ਐਸ ਐਸ ਐਫ ਵੱਲੋਂ ਜੁਝਾਰ ਸਿੰਘ, ਐੱਨ ਐੱਸ ਯੂ ਆਈ ਵੱਲੋਂ ਜੈ ਵੀਰ, ਐਸ ਓ ਆਈ ਵੱਲੋਂ ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ |





