ਝੁਨਝੁਨੂ : ਰਾਜਸਥਾਨ ਦੇ ਮੰਤਰੀ ਰਾਜੇਂਦਰ ਸਿੰਘ ਗੁਢਾ ਨੇ ਦੇਸ਼ ਵਿਚ ਭਿ੍ਸ਼ਟਾਚਾਰ ਦੇ ਸੰਬੰਧ ‘ਚ ਸਕੂਲੀ ਵਿਦਿਆਰਥਣ ਦੇ ਸਵਾਲ ਦਾ ਦਿਲਚਸਪ ਜਵਾਬ ਦਿੱਤਾ | ਗੁਢਾ 1 ਜੁਲਾਈ ਨੂੰ ਉਦੈਪੁਰਵਤੀ ਦੇ ਨਿੱਜੀ ਸਕੂਲ ‘ਚ ਇਕ ਪ੍ਰੋਗਰਾਮ ਵਿਚ ਸ਼ਾਮਲ ਹੋਏ ਸਨ | ਸਕੂਲ ਦੀ ਵਿਦਿਆਰਥਣ ਦੇ ਸਵਾਲ ਦੇ ਜਵਾਬ ਵਿਚ ਗੁਢਾ ਨੇ ਖੁਲਾਸਾ ਕੀਤਾ ਕਿ ਉਨ੍ਹਾ ਨੂੰ ਰਾਜ ਸਭਾ ਲਈ ਵੋਟਿੰਗ ਦੌਰਾਨ ਕਿਸੇ ਪਾਰਟੀ ਦੇ ਖਾਸ ਉਮੀਦਵਾਰ ਨੂੰ ਵੋਟ ਪਾਉਣ ਬਦਲੇ 25 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਗਈ ਸੀ | ਉਨ੍ਹਾ ਆਪਣੀ ਪਤਨੀ ਤੇ ਬੱਚਿਆਂ ਨਾਲ ਪੇਸ਼ਕਸ਼ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੈਸਾ ਨਹੀਂ ਇੱਜ਼ਤ ਚਾਹੀਦੀ ਹੈ | ਮੰਤਰੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਨ੍ਹਾ ਨੂੰ 60 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਸੀ, ਪਰ ਪਰਵਾਰ ਨੇ ਇਸ ਪੇਸ਼ਕਸ਼ ਨੂੰ ਠੋਕਰ ਮਾਰਨ ਲਈ ਕਿਹਾ | ਮੰਤਰੀ ਨੇ ਕਿਹਾ ਕਿ ਜੇ ਹਰ ਕੋਈ ਇਸ ਤਰ੍ਹਾਂ ਸੋਚਣ ਲੱਗੇ ਤਾਂ ਦੇਸ਼ ਦਾ ਭਲਾ ਹੋਵੇਗਾ |





