ਪੈਰਿਸ : 10 ਮੀਟਰ ਏਅਰ ਪਿਸਟਲ ਮੁਕਾਬਲੇ ਵਿਚ ਐਤਵਾਰ ਕਾਂਸੀ ਦਾ ਤਮਗਾ ਜਿੱਤਣ ਵਾਲੀ ਮਨੂੰ ਭਾਕਰ ਉਲੰਪਿਕ ਵਿਚ ਤਮਗਾ ਜਿੱਤਣ ਵਾਲੀ ਪਹਿਲੀ ਮਹਿਲਾ ਨਿਸ਼ਾਨੇਬਾਜ਼ ਬਣ ਗਈ। ਉਸ ਨੇ ਫਾਈਨਲ ਗੇੜ ’ਚ 221.7 ਅੰਕ ਬਣਾਏ। ਦੱਖਣੀ ਕੋਰੀਆ ਦੀ ਓਹ ਯੇ ਜਿਨ ਨੇ 243.2 ਅੰਕਾਂ ਨਾਲ ਸੋਨੇ ਤੇ ਉਸ ਦੀ ਸਾਥਣ ਕਿਮ ਯੇਜੀ ਨੇ 241.3 ਅੰਕਾਂ ਨਾਲ ਚਾਂਦੀ ਦਾ ਤਮਗਾ ਜਿੱਤਿਆ।
2021 ਦੀਆਂ ਟੋਕੀਓ ਉਲੰਪਿਕ ਖੇਡਾਂ ਵਿਚ ਹਰਿਆਣਾ ਦੇ ਝੱਜਰ ਦੀ ਮਨੂੰ ਦੀ ਪਿਸਟਲ ਖਰਾਬ ਹੋ ਗਈ ਸੀ ਤੇ 20 ਮਿੰਟ ਤੱਕ ਉਹ ਮੁਕਾਬਲੇ ਤੋਂ ਬਾਹਰ ਰਹੀ। ਪਿਸਟਲ ਠੀਕ ਹੋਈ ਤਾਂ ਉਸ ਨੇ ਸਿਰਫ 14 ਸ਼ਾਟ ਲਾਏ ਸਨ ਤੇ ਫਾਈਨਲ ਵਿੱਚੋਂ ਬਾਹਰ ਹੋ ਗਈ ਸੀ। ਉਸ ਨਿਰਾਸ਼ਾ ਦੇ ਬਾਅਦ ਮਨੂੰ ਨੇ ਦਿਲ ਨਹੀਂ ਛੱਡਿਆ ਤੇ ਹੁਣ ਤਮਗਾ ਜਿੱਤ ਕੇ ਭਾਰਤ ਲਈ ਇਤਿਹਾਸ ਰਚ ਦਿੱਤਾ।
ਨਿਸ਼ਾਨੇਬਾਜ਼ੀ ਵਿਚ ਭਾਰਤ ਨੂੰ 12 ਸਾਲ ਬਾਅਦ ਤਮਗਾ ਮਿਲਿਆ ਹੈ। ਰਾਜਵਰਧਨ ਨੇ 2004 ਵਿਚ ਚਾਂਦੀ, ਅਭਿਨਵ ਬਿੰਦਰਾ ਨੇ 2008 ਵਿਚ ਸੋਨੇ, 2012 ਵਿਚ ਵਿਜੇ ਕੁਮਾਰ ਨੇ ਚਾਂਦੀ ਤੇ ਗਗਨ ਨਾਰੰਗ ਨੇ ਕਾਂਸੀ ਦਾ ਤਮਗਾ ਜਿੱਤਿਆ ਸੀ।
ਇਸੇ ਦੌਰਾਨ ਰਮਿਤਾ ਜਿੰਦਲ 10 ਮੀਟਰ ਏਅਰ ਰਾਈਫਲਜ਼ ਵਿਚ 631.5 ਅੰਕਾਂ ਨਾਲ ਪੰਜਵੇਂ ਸਥਾਨ ’ਤੇ ਰਹਿ ਕੇ ਫਾਈਨਲ ਵਿਚ ਪੁੱਜ ਗਈ ਹੈ। ਐਲਾਵੇਨਿਲ ਵਲਾਰਿਵਾਨ 630.7 ਅੰਕਾਂ ਨਾਲ ਦਸਵੇਂ ਸਥਾਨ ’ਤੇ ਰਹਿ ਕੇ ਕੁਆਲੀਫਾਈ ਨਹੀਂ ਕਰ ਸਕੀ।
ਅਰਜੁਨ ਬਬੂਟਾ ਨੇ 10 ਮੀਟਰ ਏਅਰ ਰਾਈਫਲ ਵਿਚ 630.1 ਅੰਕਾਂ ਨਾਲ ਸੱਤਵੇਂ ਸਥਾਨ ’ਤੇ ਰਹਿ ਕੇ ਫਾਈਨਲ ਲਈ ਕੁਆਲੀਫਾਈ ਕਰ ਲਿਆ।
ਸੰਦੀਪ ਸਿੰਘ ਨੇ 629.3 ਅੰਕ ਬਣਾਏ ਤੇ 12 ਸਥਾਨ ’ਤੇ ਰਹਿਣ ਕਾਰਨ ਕੁਆਲੀਫਾਈ ਨਹੀਂ ਕਰ ਸਕਿਆ।
ਮੁੱਕੇਬਾਜ਼ੀ ਵਿਚ 32 ਵਾਲੇ ਗੇੜ ’ਚ ਨਿਕਹਤ ਜ਼ਰੀਨ 50 ਕਿੱਲੋ ਵਰਗ ’ਚ ਜਰਮਨੀ ਦੀ ਮੈਕਸੀ ਕੈਰੀਨਾ ਕਲੋਤਜ਼ਰ ਨੂੰ 5-0 ਨਾਲ ਹਰਾ ਕੇ ਅਗਲੇ ਗੇੜ ਵਿਚ ਪੁੱਜ ਗਈ।
ਰੋਇੰਗ ਵਿਚ ਬਲਰਾਜ ਪੰਵਾਰ ਰੇਪੇਚੇਜ਼ ਵਿਚ 7:12.41 ਮਿੰਟ ਦਾ ਸਮਾਂ ਲੈ ਕੇ ਦੂਜੇ ਸਥਾਨ ’ਤੇ ਰਿਹਾ ਤੇ ਕੁਆਰਟਰ ਫਾਈਨਲ ਲਈ ਕੁਆਲੀਫਾਈ ਕਰ ਗਿਆ।
ਟੇਬਲ ਟੈਨਿਸ ਵਿਚ ਸ੍ਰੀਜਾ ਅਕੁਲਾ ਸਵੀਡਨ ਦੀ �ਿਸਟੀਨਾ ਕਾਲਬਰਗ ਨੂੰ 4-0 ਨਾਲ ਹਰਾ ਕੇ ਰਾਊਂਡ ਆਫ 32 ਵਿਚ ਪੁੱਜ ਗਈ। ਉਸ ਨੇ 1-4, 11-9, 11-7 ਤੇ 11-8 ਨਾਲ ਜਿੱਤ ਦਰਜ ਕੀਤੀ। ਰਾਊਂਡ ਆਫ 64 ਵਿਚ ਸ਼ਰਤ ਕਮਲ ਸਲੋਵੇਨੀਆ ਦੇ ਕੋਜੁਲ ਡੈਨੀ ਹੱਥੋਂ 2 ਦੇ ਮੁਕਾਬਲੇ 4 ਸੈੱਟਾਂ ਨਾਲ ਮਾਤ ਖਾ ਗਿਆ।





