ਜਮਸ਼ੇਦਪੁਰ : ਝਾਰਖੰਡ ਦੇ ਸਰਾਏਕੇਲਾ-ਖਰਸਾਵਾਂ ਜ਼ਿਲ੍ਹੇ ’ਚ ਮੰਗਲਵਾਰ ਹਾਵੜਾ-ਮੁੰਬਈ ਮੇਲ ਦੇ 18 ਡੱਬੇ ਪਟੜੀ ਤੋਂ ਉਤਰਨ ਕਾਰਨ 2 ਵਿਅਕਤੀਆਂ ਦੀ ਮੌਤ ਹੋ ਗਈ ਤੇ 20 ਜ਼ਖਮੀ ਹੋ ਗਏ। ਹਾਦਸਾ ਤੜਕੇ ਪੌਣੇ ਚਾਰ ਵਜੇ ਜਮਸ਼ੇਦਪੁਰ ਤੋਂ ਲੱਗਭੱਗ 80 ਕਿਲੋਮੀਟਰ ਦੂਰ ਬੜਾਬੰਬੂ ਨੇੜੇ ਵਾਪਰਿਆ, ਜਦੋਂ ਐਕਸਪ੍ਰੈੱਸ ਪਹਿਲਾਂ ਹੀ ਪਟੜੀਓਂ ਲੱਥੀ ਪਈ ਮਾਲ ਗੱਡੀ ’ਚ ਵੱਜੀ।
ਉਧਰ, ਕਾਂਗਰਸ ਨੇ ਇਸ ਘਟਨਾ ਨੂੰ ਲੈ ਕੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਵੇਂ ਭਾਰਤ ’ਚ ਕੋਈ ਜਵਾਬਦੇਹੀ ਤੈਅ ਨਹੀਂ ਹੁੰਦੀ, ਕਿਸੇ ਦਾ ਅਸਤੀਫਾ ਨਹੀਂ ਲਿਆ ਜਾਂਦਾ ਅਤੇ ਸਿਰਫ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਦਾ ਕੋਈ ਮਤਲਬ ਨਹੀਂ ਹੁੰਦਾ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਵਿਅੰਗ ਕਰਦਿਆਂ ਕਿਹਾ ਕਿ ਇੱਕ ਤੋਂ ਬਾਅਦ ਇੱਕ ਰੇਲ ਹਾਦਸਿਆਂ ਦੇ ਬਾਵਜੂਦ ਰੇਲ ਮੰਤਰੀ ਅਸ਼ਵਿਨੀ ਵੈਸ਼ਣਵ ਦੀ ‘ਪੀ ਆਰ ਮਸ਼ੀਨ’ ਜਾਰੀ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਕੀ ਕੇਂਦਰ ਦੀ ਸੰਵੇਦਨਹੀਣਤਾ ਦਾ ਕੋਈ ਅੰਤ ਨਹੀਂ ਹੋਵੇਗਾ।