ਨਵੀਂ ਦਿੱਲੀ : ਤਿਹਾੜ ਜੇਲ੍ਹ ਵਿਚ ਬੰਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਨਿਘਰਦੀ ਸਿਹਤ ਦਾ ਮੁੱਦਾ ਉਠਾਉਣ ਲਈ ਮੰਗਲਵਾਰ ਇੱਥੇ ਜੰਤਰ ਮੰਤਰ ਵਿਚ ਰੈਲੀ ਕੀਤੀ ਗਈ। ਰੈਲੀ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਆਪ ਆਗੂ ਗੋਪਾਲ ਰਾਏ, ਰਾਘਵ ਚੱਢਾ, ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਸ ਸੀ ਪੀ) ਸ਼ਰਦ ਪਵਾਰ, ਸੀ ਪੀ ਆਈ ਦੇ ਜਨਰਲ ਸਕੱਤਰ, ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦੇ ਜਨਰਲ ਸਕੱਤਰ ਦੀਪਾਂਕਰ ਭੱਟਾਚਾਰੀਆ, ਲੋਕ ਸਭਾ ਵਿਚ ਕਾਂਗਰਸ ਦੇ ਡਿਪਟੀ ਲੀਡਰ ਗੌਰਵ ਗੋਗੋਈ ਤੇ ਰਾਜ ਸਭਾ ਵਿਚ ਕਾਂਗਰਸ ਸਾਂਸਦ ਪ੍ਰਮੋਦ ਤਿਵਾੜੀ ਵੀ ਮੌਜੂਦ ਸਨ। ਆਗੂਆਂ ਨੇ ਦੋਸ਼ ਲਾਇਆ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਤੇ ਲੈਫਟੀਨੈਂਟ ਗਵਰਨਰ ਵੀ ਕੇ ਸਕਸੈਨਾ ਕੇਜਰੀਵਾਲ ਦੀ ਜਾਨ ਨਾਲ ਖੇਡ ਰਹੇ ਹਨ। ਤਿਵਾੜੀ ਨੇ ਕਿਹਾ ਕਿ ਉਹ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੀ ਤਰਫੋਂ ਕੇਜਰੀਵਾਲ ਦੀ ਗੈਰਕਾਨੂੰਨੀ ਗਿ੍ਰਫਤਾਰੀ ਵਿਰੱਧ ਸੰਘਰਸ਼ ਵਿਚ ਸਾਥ ਦੇਣ ਆਏ ਹਨ। ਦੀਪਾਂਕਰ ਭੱਟਾਚਾਰੀਆ ਨੇ ਕਿਹਾ ਕਿ ਆਪ ਦੇ ਤਿੰਨ ਸੀਨੀਅਰ ਆਗੂਆਂ ਕੇਜਰੀਵਾਲ, ਮਨੀਸ਼ ਸਿਸੋਦੀਆ ਤੇ ਸਤੇਂਦਰ ਜੈਨ ਨੂੰ ਸਾਜ਼ਿਸ਼ ਤਹਿਤ ਜੇਲ੍ਹ ਵਿਚ ਡੱਕਿਆ ਹੋਇਆ ਹੈ। ਰਾਘਵ ਚੱਢਾ ਨੇ ਕਿਹਾ ਕਿ ਕੇਜਰੀਵਾਲ ਦੀ ਡਿਗਦੀ ਸਿਹਤ ਬਾਰੇ ਚਿੰਤਤ ਲੋਕ ਇੱਥੇ ਇਕੱਠੇ ਹੋਏ ਹਨ।