ਮਨੂੰ ਤੇ ਸਰਬਜੋਤ ਦੀ ਜੋੜੀ ਨੇ ਕਾਂਸੀ ਤਮਗਾ ਜਿੱਤਿਆ, ਤੀਰਅੰਦਾਜ਼ ਭਜਨ ਕੌਰ ਪ੍ਰੀ-ਕੁਆਰਟਰ ਫਾਈਨਲ ’ਚ, ਹਾਕੀ ’ਚ ਤੀਜੀ ਜਿੱਤ, ਬੈਡਮਿੰਟਨ ਡਬਲਜ਼ ਮੁਕਾਬਲਾ ਵੀ ਜਿੱਤਿਆ
ਚੈਟੇਰੌਕਸ : ਭਾਰਤੀ ਨਿਸ਼ਾਨੇਬਾਜ਼ਾਂ ਮਨੂੰ ਭਾਕਰ ਅਤੇ ਸਰਬਜੋਤ ਸਿੰਘ ਨੇ ਉਲੰਪਿਕ ਖੇਡਾਂ ਦੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ’ਚ ਮੰਗਲਵਾਰ ਕਾਂਸੀ ਦਾ ਤਮਗਾ ਜਿੱਤਿਆ। ਮਨੂੰ ਤੇ ਸਰਬਜੋਤ ਦੀ ਜੋੜੀ ਨੇ ਦੱਖਣੀ ਕੋਰੀਆ ਦੀ ਲੀ ਵੋਨੋਹੋ ਤੇ ਓਹ ਯੇਹ ਜਿਨ ਦੀ ਜੋੜੀ ਨੂੰ 16-10 ਨਾਲ ਹਰਾਇਆ।
ਹਰਿਆਣਾ ਦੇ ਝੱਜਰ ਦੀ 22 ਸਾਲਾ ਮਨੰੂ ਭਾਕਰ ਨੇ ਇਸ ਤੋਂ ਪਹਿਲਾਂ 10 ਮੀਟਰ ਏਅਰ ਪਿਸਟਲ ਦੇ ਵਿਅਕਤੀਗਤ ਮੁਕਾਬਲੇ ’ਚ ਕਾਂਸੀ ਦਾ ਤਮਗਾ ਫੁੰਡਿਆ ਸੀ। ਆਜ਼ਾਦ ਭਾਰਤ ਵਿਚ ਇਕ ਉਲੰਪਿਕ ਵਿਚ ਦੋ ਤਮਗੇ ਜਿੱਤਣ ਵਾਲੀ ਮਨੂੰ ਭਾਕਰ ਪਹਿਲੀ ਭਾਰਤੀ ਬਣ ਗਈ ਹੈ। ਮਨੂੰ ਤੋਂ ਪਹਿਲਾਂ ਅੰਗਰੇਜ਼ਾਂ ਦੇ ਰਾਜ ਵੇਲੇ ਬਿ੍ਰਟਿਸ਼-ਇੰਡੀਅਨ ਨੌਰਮੈਨ ਪਿ੍ਰਟਚਾਰਡ ਨੇ 1900 ਦੀ ਉਲੰਪਿਕ ਵਿਚ 200 ਮੀਟਰ ਸਪਿ੍ਰੰਟ ਤੇ 200 ਮੀਟਰ ਹਰਡਲਜ਼ ਵਿਚ ਚਾਂਦੀ ਦੇ ਤਮਗੇ ਜਿੱਤੇ ਸਨ। ਮਨੂੰ ਨੇ 2 ਅਗਸਤ ਨੂੰ 25 ਮੀਟਰ ਏਅਰ ਪਿਸਟਲ ਕੁਆਲੀਫਿਕੇਸ਼ਨ ਮੁਕਾਬਲੇ ਵਿਚ ਵੀ ਹਿੱਸਾ ਲੈਣਾ ਹੈ।
ਅੰਬਾਲੇ ਧੀਣ ਪਿੰਡ ਦੇ ਕਿਸਾਨ ਜਤਿੰਦਰ ਸਿੰਘ ਦੇ ਬੇਟੇ ਸਰਬਜੋਤ ਦੀ ਪ੍ਰਾਪਤੀ ਵੀ ਅਹਿਮ ਹੈ। ਉਹ ਸ਼ਨੀਵਾਰ ਵਿਅਕਤੀਗਤ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿਚ 577 ਸਕੋਰ ਬਣਾ ਕੇ ਨੌਵੇਂ ਨੰਬਰ ’ਤੇ ਰਿਹਾ ਸੀ ਤੇ ਤਮਗੇ ਤੋਂ ਖੁੰਝ ਗਿਆ ਸੀ।
ਹਾਕੀ ਵਿਚ ਭਾਰਤ ਨੇ ਆਇਰਲੈਂਡ ਨੂੰ 2-0 ਨਾਲ ਹਰਾ ਕੇ ਲਗਾਤਾਰ ਤੀਜਾ ਮੈਚ ਜਿੱਤਿਆ। ਦੋਨੋਂ ਗੋਲ ਕਪਤਾਨ ਹਰਮਨਪ੍ਰੀਤ ਸਿੰਘ ਨੇ ਕੀਤੇ।
ਤੀਰਅੰਦਾਜ਼ੀ ਵਿਚ ਭਜਨ ਕੌਰ ਰਾਊਂਡ ਆਫ 64 ਵਿਚ ਇੰਡੋਨੇਸ਼ੀਆ ਦੀ ਸਾਈਫਾ ਨੂਰਾ ਫੀਫਾ ਕਮਲ ਨੂੰ 7-3 ਨਾਲ ਹਰਾ ਕੇ ਰਾਊਂਡ ਆਫ 32 ’ਚ ਪੁੱਜ ਗਈ। ਅੰਕਿਤਾ ਭਕਤ ਪੋਲੈਂਡ ਦੀ ਵਾਯੋਲੇਟਾ ਮਿਸ਼ੋਰ ਹੱਥੋਂ 4-6 ਨਾਲ ਹਾਰ ਗਈ।
ਬੈਡਮਿੰਟਨ ਵਿਚ ਮਰਦਾਂ ਦੇ ਡਬਲਜ਼ ਮੁਕਾਬਲੇ ਵਿਚ ਸਾਤਵਿਕ ਸਾਈਂਰਾਜ ਰੰਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਜੋੜੀ ਨੇ ਇੰਡੋਨੇਸ਼ੀਆ ਦੇ ਮੁਹੰਮਦ ਰਿਆਨ ਤੇ ਫਜਰ ਅਲਫਿਆਨ ਦੀ ਜੋੜੀ ਨੂੰ 21-13 ਤੇ 21-13 ਨਾਲ ਹਰਾਇਆ।