ਬਰੇਲੀ : ਇੱਥੇ ਸਿਰੌਲੀ ਇਲਾਕੇ ਦੇ ਪਿੰਡ ਚੰਦੂਪੁਰਾਸ਼ਿਵ ਨਗਰ ਵਿਚ ਸ਼ੁੱਕਰਵਾਰ ਰਾਤ ਭੀੜ ਨੇ ਇਕ ਮੁਸਲਮਾਨ ਦੇ ਘਰ ਨੂੰ ਇਹ ਦੋਸ਼ ਲਾ ਕੇ ਅੱਗ ਲਾ ਦਿੱਤੀ ਕਿ ਉਸ ਨੇ ਕੁੜੀ ਨੂੰ ਅਗਵਾ ਕੀਤਾ। ਮੌਕੇ ’ਤੇ ਪੁੱਜੀ ਪੁਲਸ ’ਤੇ ਭੜਕੇ ਲੋਕਾਂ ਨੇ ਹਮਲਾ ਕਰ ਦਿੱਤਾ। ਇਸੇ ਦੌਰਾਨ ਲਾਪਰਵਾਹੀ ਦੇ ਦੋਸ਼ ਵਿਚ ਸਿਰੌਲੀ ਦੇ ਐੱਸ ਐੱਚ ਓ ਤੇ ਹੋਰ ਪੁਲਸਮੈਨਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਬਰੇਲੀ ਦੇ ਐੱਸ ਐੱਸ ਪੀ ਅਨੁਰਾਗ ਆਰੀਆ ਨੇ ਸ਼ਨੀਵਾਰ ਸਵੇਰੇ ਦੱਸਿਆ ਕਿ ਮਾਇਕੂ ਲਾਲ ਦੀ 20 ਸਾਲਾ ਕੁੜੀ ਤੇ ਸੱਦਾਮ ਦਾ 21 ਸਾਲਾ ਮੁੰਡਾ ਚੰਦੂਪੁਰਾ ਸ਼ਿਵਨਗਰ ਤੋਂ ਲਾਪਤਾ ਹੋ ਗਏ ਸਨ। ਪੁਲਸ ਨੇ ਪਹਿਲੀ ਅਗਸਤ ਨੂੰ ਲੱਭੇ। ਕੁੜੀ ਦੇ ਪਿਓ ਤੇ ਪਿੰਡ ਵਾਲਿਆਂ ਦੇ ਕਹਿਣ ’ਤੇ ਕੁੜੀ ਪਰਵਾਰ ਹਵਾਲੇ ਕਰ ਦਿੱਤੀ ਗਈ। ਮਾਇਕੂ ਲਾਲ ਨੇ ਲਿਖ ਕੇ ਦਿੱਤਾ ਕਿ ਉਹ ਨੌਜਵਾਨ ਖਿਲਾਫ ਸ਼ਿਕਾਇਤ ਨਹੀਂ ਕਰਨੀ ਚਾਹੁੰਦਾ। ਸੱਦਾਮ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਰੱਖ ਲਿਆ ਗਿਆ। ਕੁੜੀ ਪਰਵਾਰ ਦੇ ਹਵਾਲੇ ਕਰਨ ਦੇ ਬਾਵਜੂਦ ਸ਼ਰਾਰਤੀਆਂ ਨੇ ਸ਼ੁੱਕਰਵਾਰ ਰਾਤ 11 ਵਜੇ ਸੱਦਾਮ ਦੇ ਘਰ ਨੂੰ ਅੱਗ ਲਾ ਦਿੱਤੀ। ਉਨ੍ਹਾਂ ਮੌਕੇ ’ਤੇ ਪੁੱਜੀ ਟੀਮ ’ਤੇ ਵੀ ਹਮਲਾ ਕੀਤਾ। ਇਸ ਤੋਂ ਬਾਅਦ ਦੋਹਾਂ ਧਿਰਾਂ ਵੱਲੋਂ ਕਰਾਸ ਐੱਫ ਆਈ ਆਰ ਕਰਵਾਈਆਂ ਗਈਆਂ। ਐੱਸ ਐੱਚ ਓ ਲਵ ਸਿਰੋਹੀ, ਸਬ-ਇੰਸਪੈਕਟਰ ਸਤਵੀਰ ਸਿੰਘ ਤੇ ਕਾਂਸਟੇਬਲ ਨੂੰ ਐੱਫ ਆਈ ਆਰ ਨਾ ਦਰਜ ਕਰਨ ਕਰਕੇ ਮੁਅੱਤਲ ਕੀਤਾ ਗਿਆ। ਉਨ੍ਹਾ ਕਿਹਾ ਕਿ ਪਿੰਡ ਵਿਚ ਹੋਰ ਫੋਰਸ ਤਾਇਨਾਤ ਕੀਤੀ ਗਈ ਹੈ ਤੇ ਸਥਿਤੀ ਕੰਟਰੋਲ ’ਚ ਹੈ।