ਅਯੁੱਧਿਆ : ਜ਼ਿਲ੍ਹਾ ਪ੍ਰਸ਼ਾਸਨ ਨੇ 12 ਸਾਲਾ ਬੱਚੀ ਨਾਲ ਜਬਰ-ਜ਼ਨਾਹ ਦੇ ਕਥਿਤ ਦੋਸ਼ੀ ਮੋਈਦ ਖਾਨ ਦੀ ਬੇਕਰੀ ਸ਼ਨੀਵਾਰ ਢਾਹ ਦਿੱਤੀ। ਡੀ ਸੀ ਚੰਦਰ ਵਿਜੈ ਸਿੰਘ ਨੇ ਦੱਸਿਆ ਕਿ ਬੇਕਰੀ ’ਚ ਇਕ ਵੱਡਾ ਅਤੇ ਇਕ ਛੋਟਾ ਕਮਰਾ ਸੀ। ਬੇਕਰੀ ਨਾਜਾਇਜ਼ ਤੌਰ ’ਤੇ ਇਕ ਤਲਾਬ ’ਤੇ ਬਣਾਈ ਹੋਈ ਸੀ, ਜਿਸ ਕਰ ਕੇ ਇਸ ਨੂੰ ਢਾਹ ਦਿੱਤਾ ਗਿਆ ਹੈ।
ਇਸ ਤੋਂ ਪਹਿਲਾਂ, ਪੁਲਸ ਨੇ ਬੱਚੀ ਨਾਲ ਜਬਰ-ਜ਼ਨਾਹ ਦੇ ਮਾਮਲੇ ’ਚ 30 ਜੁਲਾਈ ਨੂੰ ਅਯੁੱਧਿਆ ਜ਼ਿਲ੍ਹੇ ਦੇ ਪੂਰਾਕਲੰਦਰ ਇਲਾਕੇ ਤੋਂ ਬੇਕਰੀ ਦੇ ਮਾਲਕ ਮੋਈਦ ਖਾਨ ਅਤੇ ਉਸ ਦੇ ਕਰਮਚਾਰੀ ਰਾਜੂ ਖਾਨ ਨੂੰ ਗਿ੍ਰਫਤਾਰ ਕੀਤਾ ਸੀ। ਪੁਲਸ ਸੂਤਰਾਂ ਨੇ ਦੱਸਿਆ ਕਿ ਮੋਈਦ ਤੇ ਰਾਜੂ ਨੇ ਦੋ ਮਹੀਨੇ ਪਹਿਲਾਂ ਨਾਬਾਲਗ ਨਾਲ ਕਥਿਤ ਤੌਰ ’ਤੇ ਜਬਰ-ਜ਼ਨਾਹ ਕੀਤਾ ਅਤੇ ਇਸ ਦੀ ਰਿਕਾਰਡਿੰਗ ਵੀ ਕੀਤੀ। ਇਹ ਘਟਨਾ ਉਦੋਂ ਸਾਹਮਣੇ ਆਈ, ਜਦੋਂ ਹਾਲ ਹੀ ’ਚ ਮੈਡੀਕਲ ਜਾਂਚ ’ਚ ਪੀੜਤਾ ਦੇ ਗਰਭਵਤੀ ਹੋਣ ਦਾ ਪਤਾ ਲੱਗਾ। ਇਹ ਮਾਮਲਾ ਉਦੋਂ ਸਿਆਸੀ ਰੂਪ ਧਾਰਨ ਕਰ ਗਿਆ, ਜਦੋਂ ਦਾਅਵਾ ਕੀਤਾ ਗਿਆ ਕਿ ਮੋਈਦ ਸਮਾਜਵਾਦੀ ਪਾਰਟੀ ਦਾ ਵਰਕਰ ਹੈ।