ਵਾਇਨਾਡ : ਕੇਰਲਾ ਦੇ ਵਾਇਨਾਡ ਵਿਚ ਪਹਾੜ ’ਤੇ ਫਸੇ ਆਦਿਵਾਸੀ ਭਾਈਚਾਰੇ ਦੇ ਚਾਰ ਬੱਚਿਆਂ ਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਜੰਗਲਾਤ ਮੁਲਾਜ਼ਮਾਂ ਨੇ 8-9 ਘੰਟੇ ਦੀ ਮੁਹਿੰਮ ਤੋਂ ਬਾਅਦ ਸਲਾਮਤ ਬਚਾਅ ਲਿਆ। ਕਲਪੇਟਾ ਰੇਂਜ ਦੇ ਜੰਗਲਾਤ ਅਧਿਕਾਰੀ ਕੇ ਹਸ਼ੀਸ਼ ਦੀ ਅਗਵਾਈ ਵਿਚ ਚਾਰ ਮੈਂਬਰਾਂ ਦੀ ਟੀਮ ਵੀਰਵਾਰ ਖਤਰਨਾਕ ਰਾਹਾਂ ’ਤੇ ਰਵਾਨਾ ਹੋਈ। ਵਾਇਨਾਡ ਦੇ ਪਨੀਆ ਭਾਈਚਾਰੇ ਦਾ ਪਰਵਾਰ ਇਕ ਗੁਫਾ ’ਚ ਫਸਿਆ ਹੋਇਆ ਸੀ, ਨਾਲ ਡੂੰਘੀ ਖੱਡ ਸੀ। ਬੱਚੇ ਇਕ ਤੋਂ ਚਾਰ ਸਾਲ ਦੇ ਸਨ। ਟੀਮ ਨੂੰ ਗੁਫਾ ਤੱਕ ਪੁੱਜਣ ’ਚ ਸਾਢੇ ਚਾਰ ਘੰਟੇ ਲੱਗੇ। ਪਹਿਲਾਂ ਟੀਮ ਨੂੰ ਮਹਿਲਾ ਤੇ ਇਕ ਚਾਰ ਸਾਲ ਦਾ ਬੱਚਾ ਮਿਲਿਆ। ਪੁੱਛਣ ’ਤੇ ਤਿੰਨ ਹੋਰ ਬੱਚਿਆਂ ਦੇ ਪਿਤਾ ਨਾਲ ਗੁਫਾ ’ਚ ਹੋਣ ਦੀ ਜਾਣਕਾਰੀ ਮਿਲੀ। ਉਨ੍ਹਾਂ ਕੋਲ ਖਾਣ-ਪੀਣ ਲਈ ਕੁਝ ਨਹੀਂ ਸੀ। ਪਨੀਆ ਭਾਈਚਾਰੇ ਦੇ ਲੋਕ ਆਮ ਤੌਰ ’ਤੇ ਹੋਰਨਾਂ ਨਾਲ ਘੁਲਦੇ-ਮਿਲਦੇ ਨਹੀਂ। ਜੰਗਲੀ ਖਾਣੇ ’ਤੇ ਨਿਰਭਰ ਰਹਿੰਦੇ ਹਨ। ਭਾਰੀ ਮੀਂਹ ਤੇ ਜ਼ਮੀਨ ਖਿਸਕਣ ਕਾਰਨ ਪਰਵਾਰ ਫਸ ਗਿਆ ਸੀ। ਬੱਚਿਆਂ ਦਾ ਬੁਰਾ ਹਾਲ ਸੀ। ਕਾਫੀ ਸਮਝਾਉਣ ’ਤੇ ਪਿਤਾ ਦੇ ਮਨਾਉਣ ’ਤੇ ਉਹ ਬਿਸੁਕਟ ਆਦਿ ਖਾਣ ਲਈ ਮੰਨੇ। ਸਭ ਨੂੰ ਮੁਲਾਜ਼ਮ ਸਰੀਰਾਂ ਨਾਲ ਬੰਨ੍ਹ ਕੇ ਹੇਠਾਂ ਲਿਆਏ।