ਨਵੀਂ ਦਿੱਲੀ : ਜੰਮੂ ਵਿਚ ਦਹਿਸ਼ਤਗਰਦਾਂ ਦੇ ਹਮਲਿਆਂ ’ਚ ਵਾਧੇ ਦਰਮਿਆਨ ਕੇਂਦਰ ਨੇ ਬੀ ਐੱਸ ਐੱਫ ਦੇ ਡਾਇਰੈਕਟਰ ਜਨਰਲ ਨਿਤਿਨ ਅਗਰਵਾਲ ਤੇ ਡਿਪਟੀ ਐਂਡ ਸਪੈਸ਼ਲ ਡਾਇਰੈਕਟਰ ਜਨਰਲ (ਵੱੈਸਟ) ਯੋਗੇਸ਼ ਬਹਾਦਰ ਖੁਰਾਨੀਆ ਨੂੰ ਹਟਾ ਕੇ ਉਨ੍ਹਾ ਦੇ ਹੋਮ ਕੇਡਰ ਵਿਚ ਭੇਜ ਦਿੱਤਾ ਹੈ। ਨਵੀਂ ਨਿਯੁਕਤੀ ਹੋਣ ਤੱਕ 1990 ਬੈਚ ਦੇ ਯੂ ਪੀ ਕੇਡਰ ਦੇ ਆਈ ਪੀ ਐੱਸ ਅਫਸਰ ਦਲਜੀਤ ਸਿੰਘ ਚੌਧਰੀ, ਜਿਹੜੇ ਸੀਮਾ ਸੁਰੱਖਿਆ ਬਲ ਦੇ ਡੀ ਜੀ ਹਨ, ਨੂੰ ਬੀ ਐੱਸ ਐੱਫ ਦੇ ਡੀ ਜੀ ਦਾ ਵਾਧੂ ਚਾਰਜ ਦਿੱਤਾ ਗਿਆ ਹੈ।
ਨਿਤਿਨ ਅਗਰਵਾਲ 1989 ਬੈਚ ਦੇ ਕੇਰਲਾ ਕੇਡਰ ਦੇ ਆਈ ਪੀ ਐੱਸ ਅਫਸਰ ਹਨ। ਉਹ ਬੀ ਐੱਸ ਐੱਫ ਦੇ ਪਹਿਲੇ ਡੀ ਜੀ ਹਨ, ਜਿਨ੍ਹਾ ਨੂੰ ਅੱਧਵਾਟੇ ਹਟਾਇਆ ਗਿਆ ਹੈ। ਉਨ੍ਹਾ ਪਿਛਲੇ ਸਾਲ 5 ਜੂਨ ਨੂੰ ਅਹੁਦਾ ਸੰਭਾਲਿਆ ਸੀ। ਉਨ੍ਹਾ ਦਾ ਕਾਰਜਕਾਲ 2026 ਤੱਕ ਦਾ ਸੀ। 1990 ਬੈਚ ਦੇ ਖੁਰਾਨੀਆ ਓਡੀਸ਼ਾ ਕੇਡਰ ਦੇ ਹਨ। ਉਹ ਪਾਕਿਸਤਾਨ ਬਾਰਡਰ ’ਤੇ ਸਕਿਉਰਟੀ ਦੇ ਇੰਚਾਰਜ ਸਨ। ਰਿਪੋਰਟਾਂ ਹਨ ਕਿ ਉਹ ਓਡੀਸ਼ਾ ਪੁਲਸ ਦੇ ਡੀ ਜੀ ਬਣਾਏ ਜਾ ਸਕਦੇ ਹਨ। ਦੋਵਾਂ ਅਧਿਕਾਰੀਆਂ ਨੂੰ ਹਟਾਉਣ ਦਾ ਹੁਕਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿਚ ਕੈਬਨਿਟ ਦੀ ਨਿਯੁਕਤੀਆਂ ਬਾਰੇ ਕਮੇਟੀ (ਏ ਸੀ ਸੀ) ਨੇ ਦਿੱਤਾ।
ਬੀ ਐੱਸ ਐੱਫ ਦੀ ਭਾਰਤ-ਪਾਕਿਸਤਾਨ ਬਾਰਡਰ ’ਤੇ ਜੰਮੂ, ਪੰਜਾਬ, ਰਾਜਸਥਾਨ ਤੇ ਗੁਜਰਾਤ ਨਾਲ ਲਗਦੇ ਕਰੀਬ 2290 ਕਿੱਲੋਮੀਟਰ ਇਲਾਕੇ ਦੀ ਰਾਖੀ ਕਰਦੀ ਹੈ। ਇਨ੍ਹਾਂ ਵਿਚ ਜੰਮੂ ਇਲਾਕਾ ਬਾਰਡਰ ਪਾਰ ਸੁਰੰਗਾਂ ਕਰਕੇ ਨਾਜ਼ੁਕ ਹੈ। ਜੰਮੂ ਵਿਚ ਸੰਘਣੇ ਜੰਗਲ ਤੇ ਪਹਾੜੀ ਇਲਾਕੇ ਹਨ। ਇਧਰ ਘੁਸਪੈਠ ਦਾ ਖਤਰਾ ਵੱਧ ਹੈ। ਬੀ ਐੱਸ ਐੱਫ ’ਤੇ ਬੰਗਲਾਦੇਸ਼ ਬਾਰਡਰ ਦੀ ਰਾਖੀ ਦੀ ਜ਼ਿੰਮੇਵਾਰੀ ਹੈ। ਇਸ ਸਾਲ 21 ਜੁਲਾਈ ਤੱਕ ਜੰਮੂ-ਕਸ਼ਮੀਰ ’ਚ 24 ਮੁਕਾਬਲੇ ਤੇ ਦਹਿਸ਼ਤਗਰਦਾਂ ਦੇ 11 ਹਮਲੇ ਹੋਏ ਹਨ, ਜਿਨ੍ਹਾਂ ਵਿਚ 14 ਆਮ ਨਾਗਰਿਕ ਤੇ 14 ਜਵਾਨ ਮਾਰੇ ਗਏ ਹਨ। ਬੰਗਲਾਦੇਸ਼ ਬਾਰਡਰ ਤੋਂ ਵੀ ਘੁਸਪੈਠ ਦੀਆਂ ਰਿਪੋਰਟਾਂ ਹਨ।