ਨਾਨਟੈਰੇ (ਫਰਾਂਸ) : ਅਮਰੀਕਾ ਦੀ ਕੈਟੀ ਲੈਡੇਕੀ ਪੈਰਿਸ ਉਲੰਪਿਕ ਖੇਡਾਂ ’ਚ ਮਹਿਲਾਵਾਂ ਦੇ 800 ਮੀਟਰ ਫ੍ਰੀ ਸਟਾਈਲ ’ਚ ਸੋਨ ਤਮਗਾ ਜਿੱਤ ਕੇ ਲਗਾਤਾਰ ਚਾਰ ਉਲੰਪਿਕ ਖੇਡਾਂ ’ਚ ਇੱਕੋ ਮੁਕਾਬਲੇ ਨੂੰ ਜਿੱਤਣ ਵਾਲੀ ਦੂਜੀ ਤੈਰਾਕ ਬਣ ਗਈ ਹੈ। ਲੈਡੇਕੀ ਦਾ ਪੈਰਿਸ ਉਲੰਪਿਕ ’ਚ ਇਹ ਦੂਜਾ, ਜਦਕਿ ਉਲੰਪਿਕ ਖੇਡਾਂ ’ਚ ਨੌਵਾਂ ਸੋਨ ਤਮਗਾ ਹੈ। ਉਹ ਉਲੰਪਿਕ ’ਚ ਨੌਂ ਜਾਂ ਇਸ ਤੋਂ ਵੱਧ ਸੋਨ ਤਮਗੇ ਜਿੱਤਣ ਵਾਲੀ ਸਿਰਫ ਛੇਵੀਂ ਖਿਡਾਰਨ ਹੈ। ਲੈਡੇਕੀ ਨੇ 800 ਮੀਟਰ ਫ੍ਰੀ ਸਟਾਈਲ ’ਚ ਅੱਠ ਮਿੰਟ 11.04 ਸਕਿੰਟ ਦਾ ਸਮਾਂ ਲੈ ਕੇ ਆਸਟਰੇਲੀਆ ਦੀ ਐਰਿਆਰਨ ਟਿਟਮਸ ਨੂੰ ਪਿੱਛੇ ਛੱਡਿਆ। ਅਮਰੀਕਾ ਦੀ ਇਕ ਹੋਰ ਖਿਡਾਰਨ ਪੇਜ ਮੈਡੇਨ ਨੇ ਕਾਂਸੀ ਤਮਗਾ ਜਿੱਤਿਆ।





