ਜਲੰਧਰ : ਸ਼ਾਹਕੋਟ ਪੁਲਸ ਵੱਲੋਂ ਕਾਮਰੇਡ ਚਰਨਜੀਤ ਥੰਮੂਵਾਲ ਅਤੇ ਪੱਤਰਕਾਰ ਗਿਆਨ ਸੈਦਪੁਰੀ ਵਿਰੁੱਧ ਦਰਜ ਕੀਤਾ ਝੂਠਾ ਪਰਚਾ ਰੱਦ ਕਰਵਾਉਣ ਲਈ ਵੱਖ-ਵੱਖ ਜਥੇਬੰਦੀਆਂ ਦਾ ਇੱਕ ਸਾਂਝਾ ਵਫਦ ਏ ਡੀ ਸੀ ਮੇਜਰ ਅਮਿਤ ਸਰੀਨ ਨੂੰ ਮਿਲਿਆ | ਵਫਦ ਨੇ ਮੰਗ ਕੀਤੀ ਕਿ ਕਮਿਊਨਿਸਟ ਆਗੂ ਚਰਨਜੀਤ ਥੰਮੂਵਾਲ ਅਤੇ ਪੱਤਰਕਾਰ ਗਿਆਨ ਸੈਦਪੁਰੀ ਵਿਰੁੱਧ ਕੀਤਾ ਗਿਆ ਪਰਚਾ ਰੱਦ ਕੀਤਾ ਜਾਵੇ | ਆਗੂਆਂ ਨੇ ਕਿਹਾ ਕਿ ਐੱਸ ਡੀ ਐੱਮ ਸ਼ਾਹਕੋਟ ਵੱਲੋਂ ਸ਼ਾਹਕੋਟ ਪੁਲਸ ਨੂੰ ਪਰਚਾ ਕਰਨ ਦੀ ਸਿਫਾਰਸ਼ ਕਾਹਲੀ ਨਾਲ ਚੁੱਕਿਆ ਗਿਆ ਗਲਤ ਕਦਮ ਸੀ | ਪਹਿਲੀ ਅਗਸਤ ਨੂੰ ਸ਼ਾਹਕੋਟ ਵਾਲੇ ਸਾਥੀ ਐੱਸ ਡੀ ਐੱਮ ਸ਼ਾਹਕੋਟ ਨੂੰ ਮੰਗ ਪੱਤਰ ਦੇਣ ਗਏ ਸਨ | ਮੰਗ ਪੱਤਰ ਲੈਣ ਲਈ ਕੋਈ ਵੀ ਅਧਿਕਾਰੀ ਹਾਜ਼ਰ ਨਾ ਹੋਣ ਕਾਰਨ ਮਜ਼ਦੂਰ ਆਗੂਆਂ ਨੇ ਨਾਅਰੇਬਾਜ਼ੀ ਕੀਤੀ | ਇਸ ਦੌਰਾਨ ਇੱਕ ਮੁਲਾਜ਼ਮ ਨਾਲ ਥੋੜ੍ਹੀ ਜਿਹੀ ਤਕਰਾਰ ਹੋ ਗਈ | ਇਸ ਮਾਮੂਲੀ ਗੱਲ ਨੂੰ ਲੈ ਕੇ ਐੱਸ ਡੀ ਐੱਮ ਵੱਲੋਂ ਸ਼ਾਹਕੋਟ ਪੁਲਸ ਨੂੰ ਪਰਚਾ ਕਰਨ ਦਾ ਹੁਕਮ ਚਾੜ੍ਹ ਦਿੱਤਾ ਗਿਆ | ਪਰਚੇ ਲਈ ਆਧਾਰ ਬਣਾਏ ਗਏ ਦੋਸ਼ ਸਰਾਸਰ ਗਲਤ ਹਨ | ਇਸ ਲਈ ਇਹ ਝੂਠਾ ਪਰਚਾ ਤੁਰੰਤ ਰੱਦ ਕੀਤਾ ਜਾਵੇ | ਏ ਡੀ ਸੀ ਨੂੰ ਮੰਗ ਪੱਤਰ ਦੇਣ ਵਾਲਿਆਂ ਵਿੱਚ ਸੀ ਪੀ ਆਈ ਜ਼ਿਲ੍ਹਾ ਜਲੰਧਰ ਦੇ ਸਕੱਤਰ ਐਡਵੋਕੇਟ ਰਜਿੰਦਰ ਸਿੰਘ ਮੰਡ, ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਮਾਲੜੀ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਕਸ਼ਮੀਰ ਸਿੰਘ ਘੁੱਗਸ਼ੋਰ, ਸੀ ਪੀ ਆਈ ਆਗੂ ਰਾਜੇਸ਼ ਥਾਪਾ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਨਿਰਮਲ ਸਿੰਘ ਮਲਸੀਆਂ, ਸੀ ਪੀ ਆਈ (ਐੱਮ) ਤਹਿਸੀਲ ਸ਼ਾਹਕੋਟ ਦੇ ਸਕੱਤਰ ਵਰਿੰਦਰ ਪਾਲ ਸਿੰਘ ਕਾਲਾ, ਕੁਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਸੰਦੀਪ ਅਰੋੜਾ, ਮਜ਼ਦੂਰ ਆਗੂ ਹੰਸ ਰਾਜ ਪੱਬਵਾਂ, ਖੇਤ ਮਜ਼ਦੂਰ ਸਭਾ ਦੇ ਆਗੂ ਸਿਕੰਦਰ ਸਿੰਘ ਅਤੇ ਸੁਨੀਲ ਰਾਜੇਵਾਲ ਆਦਿ ਸ਼ਾਮਲ ਸਨ |
ਇਸ ਦੌਰਾਨ ਐਡਵੋਕੇਟ ਰਜਿੰਦਰ ਮੰਡ ਨੇ ਇੱਕ ਵੱਖਰੇ ਬਿਆਨ ਰਾਹੀਂ ਕਿਹਾ ਕਿ ਕਮਿਊਨਿਸਟ ਆਗੂਆਂ ਅਤੇ ਬੁੱਧੀਜੀਵੀਆਂ ਨੂੰ ਜੇਲ੍ਹਾਂ ਅੰਦਰ ਡੱਕੇ ਜਾਣ ਦਾ ਵਰਤਾਰਾ ਪਿਛਲੇ ਕਾਫੀ ਲੰਮੇ ਸਮੇਂ ਤੋਂ ਚੱਲ ਰਿਹਾ ਹੈ | ਸਰਕਾਰਾਂ ਅਤੇ ਪ੍ਰਸ਼ਾਸਨਿਕ ਮਸ਼ੀਨਰੀ ਨੂੰ ਸ਼ਾਇਦ ਇਹ ਵਹਿਮ ਹੈ ਕਿ ਲੋਕ ਹੱਕਾਂ ਦੀ ਗੱਲ ਕਰਨ ਵਾਲਿਆਂ ਨੂੰ ਜੇਲ੍ਹਾਂ ਵਿੱਚ ਸੁੱਟ ਕੇ ਹੱਕੀ ਆਵਾਜ਼ ਬੰਦ ਕਰ ਲਈ ਜਾਵੇਗੀ | ਉਨ੍ਹਾ ਕਿਹਾ ਕਿ ਕਮਿਊਨਿਸਟ ਧਿਰਾਂ ਦਾ ਲੰਮਾ ਅਤੇ ਸ਼ਾਨਾਮੱਤਾ ਇਤਿਹਾਸ ਹੈ | ਉਹ ਲੋਕ ਹਿੱਤਾਂ ਲਈ ਹਿੱਕਾਂ ‘ਚ ਗੋਲੀਆਂ ਖਾਂਦੇ ਰਹੇ ਹਨ | ਐਡਵੋਕੇਟ ਮੰਡ ਨੇ ਕਿਹਾ ਕਿ ਜਮਹੂਰੀ ਤਰੀਕੇ ਨਾਲ ਆਪਣੇ ਹੱਕ ਮੰਗਦੇ ਲੋਕਾਂ ਦੀ ਆਵਾਜ਼ ਨੂੰ ਕੁਚਲਣ ਦੀ ਕੋਸ਼ਿਸ਼ ਅੱਤ ਨਿੰਦਣਯੋਗ ਵਰਤਾਰਾ ਹੈ |