ਪੈਰਿਸ : ਪਿਛਲੇ ਚੈਂਪੀਅਨ ਨੀਰਜ ਚੋਪੜਾ ਨੇ ਮੰਗਲਵਾਰ ਗਰੁੱਪ ‘ਬੀ’ ਕੁਆਲੀਫਿਕੇਸ਼ਨ ’ਚ ਆਪਣੀ ਪਹਿਲੀ ਹੀ ਕੋਸ਼ਿਸ਼ ’ਚ 89.34 ਮੀਟਰ ਦੀ ਥਰੋਅ ਨਾਲ ਪੈਰਿਸ ਉਲੰਪਿਕ ਖੇਡਾਂ ਦੇ ਪੁਰਸ਼ ਜੈਵੇਲੀਅਨ ਥਰੋਅ ਮੁਕਾਬਲੇ ਦੇ ਫਾਈਨਲ ’ਚ ਜਗ੍ਹਾ ਬਣਾ ਲਈ। ਸਭ ਤੋਂ ਪਹਿਲਾ ਥਰੋਅ ਕਰਨ ਲਈ ਆਏ 26 ਸਾਲਾ ਨੀਰਜ ਨੇ 89.34 ਮੀਟਰ ਨਾਲ ਸੈਸ਼ਨ ਦਾ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਦੇ ਹੋਏ 8 ਅਗਸਤ ਨੂੰ ਹੋਣ ਵਾਲੇ ਫਾਈਨਲ ਲਈ ਕੁਆਲੀਫਾਈ ਕੀਤਾ। ਨੀਰਜ ਨੇ 87.58 ਮੀਟਰ ਦੀ ਕੋਸ਼ਿਸ਼ ਨਾਲ ਟੋਕੀਓ ਉਲੰਪਿਕ ਦਾ ਸੋਨ ਤਮਗਾ ਜਿੱਤਿਆ ਸੀ। ਨੀਰਜ ਹੁਣ ਵੀਰਵਾਰ ਫਾਈਨਲ ’ਚ ਉਲੰਪਿਕ ਦੇ ਇਤਿਹਾਸ ’ਚ ਖਿਤਾਬ ਬਰਕਰਾਰ ਰੱਖਣ ਵਾਲਾ ਪੰਜਵਾਂ ਸੁਟਾਵਾ ਬਣਨ ਦੇ ਇਰਾਦੇ ਨਾਲ ਉਤਰੇਗਾ। ਨੀਰਜ ਨੇ ਸਭ ਤੋਂ ਵਧੀਆ ਪ੍ਰਦਰਸ਼ਨ 2022 ਵਿਚ 89.94 ਮੀਟਰ ਥਰੋਅ ਕਰਕੇ ਕੀਤਾ ਸੀ। ਭਾਰਤ ਦਾ ਦੂਜਾ ਮੁਕਾਬਲੇਬਾਜ਼ ਕਿਸ਼ੋਰ ਜੇਨਾ ਫਾਈਨਲ ਵਿਚ ਪੁੱਜਣ ਵਾਲੇ 12 ਐਥਲੀਟਾਂ ’ਚ ਸ਼ਾਮਲ ਨਹੀਂ ਹੋ ਸਕਿਆ, ਉਹ ਗਰੁੱਪ ਏ ’ਚ 80.73 ਮੀਟਰ ਹੀ ਸੁੱਟ ਸਕਿਆ।
ਜੇਨਾ ਨੇ ਪਿਛਲੇ ਸਾਲ ਅਕਤੂਬਰ ਵਿਚ ਏਸ਼ੀਅਨ ਗੇਮਜ਼ ’ਚ 87.54 ਮੀਟਰ ਥਰੋਅ ਕੀਤੀ ਸੀ। ਪਾਕਿਸਤਾਨ ਦੇ ਮੌਜੂਦਾ ਕਾਮਨਵੈਲਥ ਚੈਂਪੀਅਨ ਤੇ ਨੀਰਜ ਦੇ ਦੋਸਤ ਅਰਸ਼ਦ ਨਦੀਮ ਨੇ ਗਰੁੱਪ ਬੀ ਵਿੱਚੋਂ 86.59 ਮੀਟਰ ਨਾਲ ਫਾਈਨਲ ਲਈ ਕੁਆਲੀਫਾਈ ਕੀਤਾ। ਇਸੇ ਗਰੁੱਪ ਵਿੱਚੋਂ ਗ੍ਰੇਨਾਡਾ ਦੇ ਹੰਢੇ ਹੋਏ ਐਂਡਰਸਨ ਪੀਟਰਜ਼ ਨੇ 88.63 ਮੀਟਰ ਨਾਲ ਕੁਆਲੀਫਾਈ ਕੀਤਾ। ਗਰੁੱਪ ਏ ਵਿੱਚ ਜਰਮਨੀ ਦਾ ਜੁਲੀਅਨ ਵੈਬਰ 87.76 ਮੀਟਰ ਨਾਲ ਪਹਿਲੇ, ਜਦਕਿ ਸਾਬਕਾ ਵਿਸ਼ਵ ਚੈਂਪੀਅਨ ਕੀਨੀਆ ਦਾ ਜੁਲੀਅਸ ਯੇਗੋ 85.97 ਮੀਟਰ ਨਾਲ ਦੂਜੇ ਨੰਬਰ ’ਤੇ ਰਿਹਾ।