25.6 C
Jalandhar
Monday, August 15, 2022
spot_img

ਖੇਤੀ ‘ਵਰਸਿਟੀ ਤੇ ਖੇਤੀਬਾੜੀ ਵਿਭਾਗ ਨੂੰ ਖ਼ਤਮ ਕਰ ਰਹੀ ਹੈ ਪੰਜਾਬ ਸਰਕਾਰ : ਬਲਕਰਨ ਬਰਾੜ

ਲੁਧਿਆਣਾ (ਐਮ ਐਸ ਭਾਟੀਆ,
ਰੈਕਟਰ ਕਥੂਰੀਆ)
ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੀਆਂ ਸਰਕਾਰਾਂ ਨੇ ਕੇਂਦਰ ਦੀ ਕਾਰਪੋਰੇਟ ਪੱਖੀ ਨੀਤੀ ‘ਤੇ ਚੱਲਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਖੇਤੀਬਾੜੀ ਵਿਭਾਗ ਪੰਜਾਬ ਨੂੰ ਲਾਵਾਰਸ ਛੱਡ ਦਿੱਤਾ ਹੈ, ਜਿਸ ਕਾਰਨ ਖੇਤੀ ਖੋਜ ਤੇ ਵਿਕਾਸ ਅਤੇ ਪੰਜਾਬ ਅੰਦਰ ਖੇਤੀਬਾੜੀ ਵਿਭਾਗ ਦੀ ਕਿਸਾਨਾਂ ਨੂੰ ਦਿੱਤੀ ਜਾਂਦੀ ਯੋਗ ਅਗਵਾਈ ਨੂੰ ਬਹੁਤ ਵੱਡਾ ਧੱਕਾ ਲੱਗਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵੀਰਵਾਰ ਇੱਥੇ ਆਲ ਇੰਡੀਆ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਬਲਕਰਨ ਸਿੰਘ ਬਰਾੜ ਨੇ ਖੇਤੀਬਾੜੀ ਯੂਨੀਵਰਸਿਟੀ ਵਿੱਚ ਚੱਲ ਰਹੇ ਬੇਰੁਜ਼ਗਾਰ ਵਿਦਿਆਰਥੀਆਂ ਦੇ ਘੋਲ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਦੱਸਿਆ ਕਿ ਖੇਤੀਬਾੜੀ ਯੂਨੀਵਰਸਿਟੀ ਨੇ ਪੰਜਾਬ ਅੰਦਰ ਖੇਤੀ ਵਿਕਾਸ ਵਿੱਚ ਬਹੁਤ ਵੱਡਾ ਇਤਿਹਾਸਕ ਰੋਲ ਨਿਭਾਇਆ ਹੈ, ਜਿਸ ਕਰਕੇ ਹੀ ਵੱਖ-ਵੱਖ ਖੇਤਰਾਂ ਵਿਚ ਹਰਾ, ਚਿੱਟਾ ਅਤੇ ਨੀਲਾ ਇਨਕਲਾਬ ਆਇਆ, ਪ੍ਰੰਤੂ ਹੁਣ ਪਿਛਲੇ ਲੰਮੇ ਸਮੇਂ ਤੋਂ ਆਈਆਂ ਵੱਖ-ਵੱਖ ਸਰਕਾਰਾਂ ਨੇ ਕੇਂਦਰ ਸਰਕਾਰ ਦੀ ਕਾਰਪੋਰੇਟ ਪੱਖੀ ਨੀਤੀ ‘ਤੇ ਚੱਲਦਿਆਂ ਯੂਨੀਵਰਸਿਟੀ ਵੱਲ ਧਿਆਨ ਦੇਣਾ ਛੱਡ ਦਿੱਤਾ ਹੈ, ਜਿਸ ਕਰਕੇ ਯੂਨੀਵਰਸਿਟੀ ਵਿੱਚ ਬਹੁਤ ਸਾਰੇ ਮਹੱਤਵਪੂਰਨ ਅਹੁਦੇ ਜਿਨ੍ਹਾਂ ਵਿੱਚ ਵਾਈਸ ਚਾਂਸਲਰ, ਡਾਇਰੈਕਟਰ ਰਿਸਰਚ, ਡੀਨ ਕਾਲਜ ਆਫ ਐਗਰੀਕਲਚਰ, ਡੀਨ ਪੋਸਟ ਗ੍ਰੈਜੂਏਟ ਸਟੱਡੀ, ਰਜਿਸਟਰਾਰ, ਡਾਇਰੈਕਟਰ ਸਟੂਡੈਂਟ ਵੈੱਲਫੇਅਰ ਵਰਗੇ ਮਹੱਤਵਪੂਰਨ ਉੱਚ ਅਹੁਦਿਆਂ ਤੋਂ ਲੈ ਕੇ ਵੱਡੀ ਪੱਧਰ ‘ਤੇ ਐਜੂਕੇਸ਼ਨਲ ਸਟਾਫ ਅਤੇ ਹੋਰ ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰਦੇ ਮੁਲਾਜ਼ਮਾਂ ਦੀਆਂ ਪੋਸਟਾਂ ਖਾਲੀ ਪਈਆਂ ਹਨ, ਜਿਸ ਕਾਰਨ ਯੂਨੀਵਰਸਿਟੀ ਦਾ ਕੰਮ ਠੱਪ ਹੋ ਕੇ ਰਹਿ ਗਿਆ ਹੈ | ਯੂਨੀਵਰਸਿਟੀ ਦੁਆਰਾ ਨਵੀਂਆਂ ਖੋਜਾਂ ਨਾ ਹੋਣ ਕਾਰਨ ਪ੍ਰਾਈਵੇਟ ਕੰਪਨੀਆਂ ਆਪਣੇ ਬੀਜ ਵੇਚ ਕੇ ਕਿਸਾਨਾਂ ਨੂੰ ਧੜਾਧੜ ਲੁੱਟ ਰਹੀਆਂ ਹਨ | ਖੇਤੀਬਾੜੀ ਵਿਭਾਗ ਪੰਜਾਬ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਖੇਤੀਬਾੜੀ ਵਿਭਾਗ ਵਿੱਚ ਡਿਪਟੀ ਡਾਇਰੈਕਟਰ ਐਗਰੀਕਲਚਰ ਦੀਆਂ 53 ਪੋਸਟਾਂ ਵਿੱਚੋਂ 30 ਖਾਲੀ ਪਈਆਂ ਹਨ ਅਤੇ ਖੇਤੀਬਾੜੀ ਅਫਸਰ ਅਤੇ ਦੂਜੇ ਵਿਭਾਗਾਂ ਵਿੱਚ ਵੀ ਲੱਗਭੱਗ ਪੰਜਾਹ ਪ੍ਰਤੀਸ਼ਤ ਪੋਸਟਾਂ ਖ਼ਾਲੀ ਹੋ ਚੁੱਕੀਆਂ ਹਨ, ਜਿਸ ਉੱਪਰ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਸਰਕਾਰ ਨੇ ਕੋਈ ਰੈਗੂਲਰ ਭਰਤੀ ਨਹੀਂ ਕੀਤੀ | ਭਰਤੀ ਨਾ ਹੋਣ ਕਾਰਨ ਜਿੱਥੇ ਖੇਤੀਬਾੜੀ ਵਿਭਾਗ ਪੰਜਾਬ ਕਿਸਾਨਾਂ ਨੂੰ ਸਮੇਂ-ਸਮੇਂ ‘ਤੇ ਸੂਚਨਾਵਾਂ ਅਤੇ ਯੋਗ ਅਗਵਾਈ ਦੇਣ ਤੋਂ ਅਸਮਰੱਥ ਹੋ ਗਿਆ ਹੈ, ਉਥੇ ਵੱਡੀ ਪੱਧਰ ਉੱਤੇ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨ ਰੁਜ਼ਗਾਰ ਨਾ ਮਿਲਣ ਕਾਰਨ ਸੰਘਰਸ਼ ਦੇ ਰਾਹ ਪਏ ਹੋਏ ਹਨ | ਸਰਦਾਰ ਬਰਾੜ ਨੇ ਵਿਦਿਆਰਥੀਆਂ ਦੇ ਚੱਲ ਰਹੇ ਸੰਘਰਸ਼ ਦੀ ਹਮਾਇਤ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਾਰੀਆਂ ਪੋਸਟਾਂ ‘ਤੇ ਨਿਯੁਕਤੀਆਂ ਕਰੇ ਅਤੇ ਖੇਤੀਬਾੜੀ ਵਿਭਾਗ ਵਿੱਚ ਸਾਰੀਆਂ ਖਾਲੀ ਅਸਾਮੀਆਂ ਨੂੰ ਜਲਦ ਤੋਂ ਜਲਦ ਭਰਨ ਲਈ ਇਸ਼ਤਿਹਾਰ ਜਾਰੀ ਕੀਤਾ ਜਾਵੇ | ਉਹਨਾ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਛੇਤੀ ਤੋਂ ਛੇਤੀ ਖੇਤੀ ਯੂਨੀਵਰਸਿਟੀ ਅਤੇ ਖੇਤੀਬਾੜੀ ਵਿਭਾਗ ਵੱਲ ਤੁਰੰਤ ਧਿਆਨ ਦੇਵੇ, ਨਹੀਂ ਤਾਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਇਸ ‘ਤੇ ਸੰਘਰਸ਼ ਕਰਨ ਲਈ ਮਜਬੂਰ ਹੋਣਗੀਆਂ | ਉਨ੍ਹਾਂ ਸੰਘਰਸ਼ ਕਰ ਰਹੇ ਵਿਦਿਆਰਥੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਭਾਵੇਂ ਪਿਛਲੇ ਸਮੇਂ ਦੌਰਾਨ ਵੀ ਪੰਜਾਬ ਦੀਆਂ ਵੱਖ-ਵੱਖ ਸਰਕਾਰਾਂ ਨਾਲ ਹੋਈਆਂ ਮੀਟਿੰਗਾਂ ਦੌਰਾਨ ਵੀ ਇਹ ਮੁੱਦਾ ਵਾਰ-ਵਾਰ ਉਠਾਇਆ ਗਿਆ ਸੀ, ਪ੍ਰੰਤੂ ਭਵਿੱਖ ਵਿੱਚ ਪੰਜਾਬ ਸਰਕਾਰ ਨਾਲ ਹੋਣ ਵਾਲੀ ਮੀਟਿੰਗ ਵਿਚ ਇਹ ਮੁੱਦਾ ਪਹਿਲ ਦੇ ਆਧਾਰ ‘ਤੇ ਰੱਖਿਆ ਜਾਵੇਗਾ |
ਇਸ ਸਮੇਂ ਹੋਰਨਾਂ ਤੋਂ ਇਲਾਵਾ ਚਮਕੌਰ ਸਿੰਘ ਬਰਮੀ ਜ਼ਿਲ੍ਹਾ ਪ੍ਰਧਾਨ, ਜਸਵੀਰ ਸਿੰਘ ਝੱਜ ਜ਼ਿਲ੍ਹਾ ਜਨਰਲ ਸਕੱਤਰ ਆਲ ਇੰਡੀਆ ਕਿਸਾਨ ਸਭਾ ਅਤੇ ਵਿਦਿਆਰਥੀ ਆਗੂ ਵਿਮਲਜੀਤ ਸਿੰਘ ਨੇ ਵੀ ਸੰਬੋਧਨ ਕੀਤਾ |

Related Articles

LEAVE A REPLY

Please enter your comment!
Please enter your name here

Latest Articles