ਅੰਮਿ੍ਰਤਸਰ : ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਪ੍ਰੀਜ਼ੀਡੀਅਮ ਦੇ ਮੈਂਬਰਾਂ ਨੇ ਬੁੱਧਵਾਰ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਅਤੇ ਜਥੇਬੰਦੀ ਦੀ ਸੁਰਜੀਤੀ ਦੀ ਅਰਦਾਸ ਕੀਤੀ। ਪ੍ਰੀਜ਼ੀਡੀਅਮ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਇਕ ਵਾਰ ਮੁੜ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਕਿ ਉਹ ਪਾਰਟੀ ਅਤੇ ਪੰਥ ਦੇ ਵਡੇਰੇ ਹਿੱਤਾਂ ਨੂੰ ਧਿਆਨ ’ਚ ਰੱਖਦਿਆਂ ਤਿਆਗ ਦੀ ਭਾਵਨਾ ਦਿਖਾਉਣ।
ਭੂੰਦੜ ਨੂੰ ਪਾਰਲੀਮੈਂਟਰੀ ਬੋਰਡ ਦਾ ਚੇਅਰਮੈਨ ਬਣਾਇਆ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਪਾਰਲੀਮੈਂਟਰੀ ਬੋਰਡ ਦਾ ਗਠਨ ਕਰ ਦਿੱਤਾ ਹੈ। ਬੋਰਡ ਦਾ ਚੇਅਰਮੈਨ ਪਾਰਟੀ ਦੇ ਸਕੱਤਰ ਜਨਰਲ ਬਲਵਿੰਦਰ ਸਿੰਘ ਭੂੰਦੜ ਨੂੰ ਬਣਾਇਆ ਗਿਆ ਹੈ, ਜਦਕਿ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ, ਗੁਲਜ਼ਾਰ ਸਿੰਘ ਰਣੀਕੇ, ਮਹੇਸ਼ਇੰਦਰ ਸਿੰਘ ਗਰੇਵਾਲ, ਹੀਰਾ ਸਿੰਘ ਗਾਬੜੀਆ ਤੇ ਡਾ. ਦਲਜੀਤ ਚੀਮਾ ਨੂੰ ਮੈਂਬਰ ਬਣਾਇਆ ਗਿਆ ਹੈ।
ਰਾਜ ਸਭਾ ਲਈ ਚੋਣਾਂ 3 ਨੂੰ
ਨਵੀਂ ਦਿੱਲੀ : ਚੋਣ ਕਮਿਸ਼ਨ ਨੇ ਬੁੱਧਵਾਰ ਐਲਾਨਿਆ ਕਿ ਨੌਂ ਰਾਜਾਂ ’ਚ ਰਾਜ ਸਭਾ ਦੀਆਂ 12 ਖਾਲੀ ਸੀਟਾਂ ਲਈ ਚੋਣਾਂ 3 ਸਤੰਬਰ ਨੂੰ ਹੋਣਗੀਆਂ। ਕੇਂਦਰੀ ਮੰਤਰੀ ਪੀਯੂਸ਼ ਗੋਇਲ, ਸਰਬਾਨੰਦ ਸੋਨੋਵਾਲ ਅਤੇ ਜੋਤਿਰਾਦਿਤਿਆ ਸਿੰਧੀਆ ਸਮੇਤ ਮੌਜੂਦਾ ਮੈਂਬਰ ਲੋਕ ਸਭਾ ਲਈ ਚੁਣੇ ਜਾਣ ਕਾਰਨ ਸੀਟਾਂ ਖਾਲੀ ਹੋਈਆਂ ਹਨ। ਨਤੀਜੇ ਉਸੇ ਦਿਨ ਐਲਾਨੇ ਜਾਣਗੇ।