ਸ਼ਿਮਲਾ : ਮੌਸਮ ਵਿਭਾਗ ਨੇ 10-11 ਅਗਸਤ ਨੂੰ ਹਿਮਾਚਲ ਦੀਆਂ ਵੱਖ-ਵੱਖ ਥਾਵਾਂ ’ਤੇ ਤੂਫਾਨ ਅਤੇ ਬਿਜਲੀ ਚਮਕਣ ਦੇ ਨਾਲ ਭਾਰੀ ਮੀਂਹ ਪੈਣ ਸੰਬੰਧੀ ‘ਸੰਤਰੀ’ ਅਲਰਟ ਜਾਰੀ ਕੀਤਾ ਹੈ। ਇਸ ਨੇ ਅਗਲੇ 24 ਘੰਟਿਆਂ ਵਿੱਚ ਸਿਰਮੌਰ, ਚੰਬਾ, ਸ਼ਿਮਲਾ, ਕੁੱਲੂ ਅਤੇ ਮੰਡੀ ਜ਼ਿਲ੍ਹਿਆਂ ’ਚ ਘੱਟ ਤੋਂ ਦਰਮਿਆਨੇ ਹੜ੍ਹ ਦੇ ਖਤਰੇ ਦੀ ਚਿਤਾਵਨੀ ਦਿੱਤੀ ਹੈ। ਕੁਝ ਥਾਵਾਂ ’ਤੇ ਜ਼ਮੀਨ ਖਿਸਕਣ ਅਤੇ ਅਚਾਨਕ ਹੜ੍ਹਾਂ ਦੇ ਨਾਲ-ਨਾਲ ਤੇਜ਼ ਹਵਾਵਾਂ ਅਤੇ ਨੀਵੇਂ ਇਲਾਕਿਆਂ ’ਚ ਪਾਣੀ ਭਰਨ ਕਾਰਨ ਪੌਦਿਆਂ, ਫਸਲਾਂ, ਕਮਜ਼ੋਰ ਢਾਂਚੇ ਅਤੇ ਕੱਚੇ ਘਰਾਂ ਨੂੰ ਨੁਕਸਾਨ ਹੋਣ ਦੀ ਚੇਤਾਵਨੀ ਵੀ ਦਿੱਤੀ ਹੈ।
ਈ ਡੀ ਅਧਿਕਾਰੀ 20 ਲੱਖ ਫੜਦਾ ਰੰਗੇ ਹੱਥੀਂ ਕਾਬੂ
ਨਵੀਂ ਦਿੱਲੀ : ਸੀ ਬੀ ਆਈ ਨੇ ਵੀਰਵਾਰ ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਦੇ ਇੱਕ ਅਸਿਸਟੈਂਟ ਡਾਇਰੈਕਟਰ ਨੂੰ ਕੌਮੀ ਰਾਜਧਾਨੀ ’ਚ 20 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ਾਂ ਹੇਠ ਗਿ੍ਰਫਤਾਰ ਕਰ ਲਿਆ। ਈ ਡੀ ਅਧਿਕਾਰੀ ਦੀ ਪਛਾਣ ਸੰਦੀਪ ਸਿੰਘ ਯਾਦਵ ਵਜੋਂ ਹੋਈ ਹੈ, ਉਹ ਈ ਡੀ ਕੋਲ ਦਰਜ ਕੇਸ ’ਚ ਸੁਨਿਆਰ ਦੇ ਪੁੱਤਰ ਨੂੰ ਰਾਹਤ ਦੇਣ ਦੇ ਬਦਲੇ ਸੁਨਿਆਰੇ ਤੋਂ ਰਿਸ਼ਵਤ ਲੈ ਰਿਹਾ ਸੀ। ਉਸ ਨੂੰ ਦਿੱਲੀ ਦੇ ਲਾਜਪਤ ਨਗਰ ਇਲਾਕੇ ਤੋਂ ਗਿ੍ਰਫਤਾਰ ਕੀਤਾ ਗਿਆ। ਸੀ ਬੀ ਆਈ ਨੇ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਜਾਲ ਵਿਛਾ ਕੇ ਅਧਿਕਾਰੀ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ।
ਨੀਟ ਪੀ ਜੀ ਪ੍ਰੀਖਿਆ ’ਤੇ ਸੁਣਵਾਈ ਅੱਜ
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਨੀਟ ਪੀ ਜੀ ਪ੍ਰੀਖਿਆ ਨੂੰ ਮੁਲਤਵੀ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ ’ਤੇ ਸ਼ੁੱਕਰਵਾਰ ਸੁਣਵਾਈ ਕਰਨ ਲਈ ਵੀਰਵਾਰ ਸਹਿਮਤੀ ਦੇ ਦਿੱਤੀ। ਪਟੀਸ਼ਨ ’ਚ ਦਾਅਵਾ ਕੀਤਾ ਗਿਆ ਸੀ ਕਿ ਉਮੀਦਵਾਰਾਂ ਨੂੰ ਅਲਾਟ ਕੀਤੇ ਗਏ ਸ਼ਹਿਰ ਉਨ੍ਹਾਂ ਦੇ ਪਹੁੰਚਣ ਲਈ ਬਹੁਤ ਅਸੁਵਿਧਾਜਨਕ ਹਨ। ਚੀਫ ਜਸਟਿਸ ਡੀ ਵਾਈ ਚੰਦਰਚੂੜ, ਜਸਟਿਸ ਜੇ ਬੀ ਪਾਰਦੀਵਾਲਾ ਤੇ ਜਸਟਿਸ ਮਨੋਜ ਮਿਸ਼ਰਾ ਦੀ ਬੈਂਚ ਨੇ ਵਕੀਲ ਅਨਸ ਤਨਵੀਰ ਦੀਆਂ ਦਲੀਲਾਂ ਦਾ ਨੋਟਿਸ ਲਿਆ।
ਜ਼ਿਲ੍ਹਾ ਜੱਜਾਂ ਦੀ ਮਾਮੂਲੀ ਪੈਨਸ਼ਨ ਦਾ ਮੁੱਦਾ ਹੱਲ ਕਰਨ ਦਾ ਸੱਦਾ
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਵੀਰਵਾਰ ਕੇਂਦਰ ਨੂੰ ਜ਼ਿਲ੍ਹਾ ਜੱਜਾਂ ਨੂੰ ਦਿੱਤੀ ਜਾ ਰਹੀ ਮਾਮੂਲੀ ਪੈਨਸ਼ਨ ਨਾਲ ਸੰਬੰਧਤ ਮੁੱਦਿਆਂ ਨੂੰ ਹੱਲ ਕਰਨ ਲਈ ਕਿਹਾ ਹੈ। ਚੀਫ ਜਸਟਿਸ ਡੀ ਵਾਈ ਚੰਦਰਚੂੜ ਦੀ ਅਗਵਾਈ ਵਾਲੀ ਬੈਂਚ ਨੇ ਕਿਹਾ-ਅਸੀਂ ਜ਼ਿਲ੍ਹਾ ਨਿਆਂਪਾਲਿਕਾ ਦੇ ਸਰਪ੍ਰਸਤ ਹੋਣ ਦੇ ਨਾਤੇ, ਤੁਹਾਨੂੰ (ਅਟਾਰਨੀ ਜਨਰਲ ਅਤੇ ਸਾਲਿਸਟਰ ਜਨਰਲ) ਨੂੰ ਇਸ ਮਾਮਲੇ ’ਤੇ ਕੋਈ ਰਸਤਾ ਲੱਭਣ ਲਈ ਬੇਨਤੀ ਕਰਦੇ ਹਾਂ। ਕੇਂਦਰ ਵੱਲੋਂ ਪੇਸ਼ ਹੋਏ ਅਟਾਰਨੀ ਜਨਰਲ ਆਰ ਵੈਂਕਟਾਰਮਣੀ ਅਤੇ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਮਾਮਲੇ ’ਤੇ ਬਹਿਸ ਕਰਨ ਲਈ ਕੁਝ ਸਮਾਂ ਮੰਗਿਆ।