ਨਵੀਂ ਦਿੱਲੀ : ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਵੀਰਵਾਰ ਸਵੇਰ ਦੇ ਸੈਸ਼ਨ ਦੌਰਾਨ ਵਿਰੋਧੀ ਧਿਰ ਦੇ ਹੰਗਾਮੇ ਅਤੇ ਵਾਕਆਊਟ ਤੋਂ ਬਾਅਦ ਸਦਨ ਤੋਂ ਕੁਝ ਸਮੇਂ ਲਈ ਬਾਹਰ ਚਲੇ ਗਏ। ਵਿਨੇਸ਼ ਫੋਗਾਟ ਨੂੰ ਉਲੰਪਿਕ ਤੋਂ ਅਯੋਗ ਠਹਿਰਾਉਣ ਨਾਲ ਸੰਬੰਧਤ ਮੁੱਦਾ ਉਠਾਉਣ ਦੀ ਇਜਾਜ਼ਤ ਨਾ ਮਿਲਣ ’ਤੇ ਵਿਰੋਧੀ ਮੈਂਬਰਾਂ ਨੇ ਪ੍ਰੋਟੈੱਸਟ ਕੀਤਾ। ਸੂਚੀਬੱਧ ਕਾਗਜ਼ਾਂ ਨੂੰ ਸਦਨ ’ਚ ਪੇਸ਼ ਕੀਤੇ ਜਾਣ ਤੋਂ ਤੁਰੰਤ ਬਾਅਦ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਫੋਗਾਟ ਦੀ ਅਯੋਗਤਾ ਦੇ ਮੁੱਦੇ ਨੂੰ ਉਠਾਉਣ ਲਈ ਖੜ੍ਹੇ ਹੋਏ। ਉਹ ਜਾਨਣਾ ਚਾਹੁੰਦੇ ਸਨ ਕਿ ਇਸ ਦੇ ਪਿੱਛੇ ਕੌਣ ਹੈ, ਪਰ ਧਨਖੜ ਨੇ ਖੜਗੇ ਨੂੰ ਮੁੱਦਾ ਚੁੱਕਣ ਦੀ ਇਜਾਜ਼ਤ ਨਹੀਂ ਦਿੱਤੀ। ਹੰਗਾਮਾ ਵਧਣ ’ਤੇ ਵਿਰੋਧੀ ਪਾਰਟੀਆਂ ਨੇ ਵਾਕਆਊਟ ਕਰ ਦਿੱਤਾ। ਧਨਖੜ ਨੇ ਵਿਰੋਧੀ ਧਿਰ ਦੇ ਮੈਂਬਰਾਂ ਦੇ ਵਿਵਹਾਰ ’ਤੇ ਨਰਾਜ਼ਗੀ ਜ਼ਾਹਰ ਕੀਤੀ ਅਤੇ ਕੁਝ ਦੇਰ ਲਈ ਸਦਨ ਤੋਂ ਚਲੇ ਗਏ।