ਪੈਰਿਸ ਉਲੰਪਿਕ ਦੇ ਜੈਵਲਿਨ ਥ੍ਰੋ ਮੁਕਾਬਲੇ ਵਿਚ ਐਤਕੀਂ ਗੋਲਡ ਮੈਡਲ ਪਾਕਿਸਤਾਨ ਦੇ ਅਰਸ਼ਦ ਨਦੀਮ ਤੇ ਸਿਲਵਰ ਮੈਡਲ ਪਿਛਲੀ ਟੋਕੀਓ ਉਲੰਪਿਕ ਦੇ ਚੈਂਪੀਅਨ ਭਾਰਤ ਦੇ ਨੀਰਜ ਚੋਪੜਾ ਨੇ ਜਿੱਤਿਆ | ਦੋਹਾਂ ਮੁਲਕਾਂ ਵਿਚ ਇਨ੍ਹਾਂ ਦੀ ਜਿੱਤ ਦਾ ਖੂਬ ਜਸ਼ਨ ਮਨਾਇਆ ਗਿਆ | ਇਨ੍ਹਾਂ ਜਸ਼ਨਾਂ ਦਰਮਿਆਨ ਦੋਹਾਂ ਐਥਲੀਟਾਂ ਦੀਆਂ ਮਾਵਾਂ ਨੇ ਜਿਹੜੀ ਪ੍ਰਤੀਕਿਰਿਆ ਕੀਤੀ, ਉਸ ਨੇ ਖੇਡ ਪ੍ਰੇਮੀਆਂ ਦਾ ਮਨ ਮੋਹ ਲਿਆ ਹੈ | ਅਰਸ਼ਦ ਦੀ ਮਾਂ ਰਜ਼ੀਆ ਪ੍ਰਵੀਨ ਨੇ ਆਪਣੇ ਬੇਟੇ ਦੀ ਇਤਿਹਾਸਕ ਜਿੱਤ ‘ਤੇ ਕਿਹਾ, ”ਮੈਂ ਆਪਣੇ ਪੁੱਤ ਵਾਂਗ ਹੀ ਨੀਰਜ ਚੋਪੜਾ ਲਈ ਵੀ ਦੁਆਵਾਂ ਕੀਤੀਆਂ ਸਨ | ਨੀਰਜ ਮੈਨੂੰ ਆਪਣੇ ਪੁੱਤ ਵਰਗਾ ਹੀ ਲਗਦਾ ਹੈ |” ਨੀਰਜ ਦੀ ਮਾਂ ਸਰੋਜ ਦੇਵੀ ਨੇ ਕਿਹਾ, ”ਮੈਂ ਆਪਣੇ ਪੁੱਤ ਦੇ ਸਿਲਵਰ ਮੈਡਲ ਹਾਸਲ ਕਰਨ ਤੋਂ ਖੁਸ਼ ਹਾਂ ਤੇ ਗੋਲਡ ਜਿੱਤਣ ਵਾਲੇ ਅਰਸ਼ਦ ਦੀ ਕਾਮਯਾਬੀ ਤੋਂ ਵੀ ਓਨੀ ਹੀ ਖੁਸ਼ ਹਾਂ | ਉਹ ਵੀ ਮੇਰੇ ਪੁੱਤ ਵਰਗਾ ਹੈ | ਮੁਕਾਬਲੇ ਵਿਚ ਹਰ ਕੋਈ ਸਖਤ ਮਿਹਨਤ ਕਰਕੇ ਜਾਂਦਾ ਹੈ | ਮੁਕਾਬਲਾ ਭਾਰਤ ਤੇ ਪਾਕਿਸਤਾਨ ਵਿਚਾਲੇ ਨਹੀਂ ਸੀ |”
ਮਾਵਾਂ ਦੀ ਪ੍ਰਤੀਕਿਰਿਆ ਦੱਸਦੀ ਹੈ ਕਿ ਖੇਡ ਨੂੰ ਖੇਡ ਦੀ ਭਾਵਨਾ ਨਾਲ ਲੈਣਾ ਚਾਹੀਦਾ ਹੈ, ਦੋ ਮੁਲਕਾਂ ਵਿਚਾਲੇ ਜੰਗ ਦੇ ਤੌਰ ‘ਤੇ ਨਹੀਂ | ਮਾਵਾਂ ਦੀ ਪ੍ਰਤੀਕਿਰਿਆ ‘ਤੇ ਸੋਸ਼ਲ ਮੀਡੀਆ ਨੇ ਵੀ ਬਹੁਤ ਸੋਹਣੀ ਪ੍ਰਤੀਕਿਰਿਆ ਕੀਤੀ ਹੈ—ਅਰਸ਼ਦ ਨੇ ਗੋਲਡ ਤੇ ਨੀਰਜ ਨੇ ਸਿਲਵਰ ਮੈਡਲ ਜਿੱਤਿਆ ਪਰ ਦੋਹਾਂ ਦੀਆਂ ਮਾਵਾਂ ਅਸਲ ਡਾਇਮੰਡ ਹਨ |
ਅਰਸ਼ਦ ਤੇ ਨੀਰਜ ਦੋਸਤ ਹਨ | ਕੁਝ ਮਹੀਨੇ ਪਹਿਲਾਂ ਜਦੋਂ ਅਰਸ਼ਦ ਨੇ ਸੋਸ਼ਲ ਮੀਡੀਆ ‘ਤੇ ਅਪੀਲ ਪਾਈ ਸੀ ਕਿ ਉਸ ਨੂੰ ਕੁਆਲਿਟੀ ਦਾ ਜੈਵਲਿਨ ਲੈਣ ਲਈ ਪੈਸਿਆਂ ਦੀ ਲੋੜ ਹੈ, ਤਾਂ ਨੀਰਜ ਨੇ ਹੋਰਨਾਂ ਨਾਲੋਂ ਅੱਗੇ ਵਧ ਕੇ ਮਦਦ ਕੀਤੀ ਸੀ | ਗੋਲਡ ਮੈਡਲ ਜਿੱਤਣ ਤੋਂ ਬਾਅਦ ਅਰਸ਼ਦ ਨੇ ਕਿਹਾ,”ਕ੍ਰਿਕਟ ਮੈਚਾਂ ਤੇ ਹੋਰਨਾਂ ਖੇਡਾਂ ਵਿਚ ਦੋਹਾਂ ਦੇਸ਼ਾਂ ਵਿਚਾਲੇ ਰਕਾਬਤ ਦੇਖੀ ਜਾਂਦੀ ਹੈ ਪਰ ਇਸ ਮੁਕਾਬਲੇ ਤੋਂ ਬਾਅਦ ਉਮੀਦ ਹੈ ਕਿ ਦੋਹਾਂ ਦੇਸ਼ਾਂ ਦੇ ਨੌਜਵਾਨ ਸਾਡੇ ਨਾਲ ਤੁਰਨਗੇ |” ਨੀਰਜ ਦੀ ਪ੍ਰਤੀਕਿਰਿਆ ਸੀ—ਦਿਨ ਅਰਸ਼ਦ ਦਾ ਸੀ |
ਖੇਡ ਪ੍ਰੇਮੀ ਤਾਂ ਇਨ੍ਹਾਂ ਦੀ ਜੋੜੀ ਨੂੰ ਸ਼ੋਅਲੇ ਫਿਲਮ ਵਾਲੀ ਜੈ-ਵੀਰੂ ਦੀ ਜੋੜੀ ਵਰਗੀ ਮੰਨਦੇ ਹਨ | ਦੋਹਾਂ ਨੌਜਵਾਨਾਂ ਦੀ ਕਾਮਯਾਬੀ ਪਾਕਿਸਤਾਨ ਤੇ ਭਾਰਤ ਦੇ ਪੁੰਗਰਦੇ ਐਥਲੀਟਾਂ ਲਈ ਪ੍ਰੇਰਨਾਦਾਇਕ ਸਾਬਤ ਹੋਵੇਗੀ | ਇਨ੍ਹਾਂ ਨੌਜਵਾਨਾਂ ਦੀ ਦੋਸਤੀ ਤੇ ਇਨ੍ਹਾਂ ਦੀਆਂ ਮਾਵਾਂ ਦੀਆਂ ਭਾਵਨਾਵਾਂ ਨਿਸਚੇ ਹੀ ਦੋਹਾਂ ਮੁਲਕਾਂ ਦੇ ਲੋਕਾਂ ‘ਤੇ ਅਸਰ ਪਾਉਣਗੀਆਂ, ਜਿਨ੍ਹਾਂ ਨੂੰ ਹਾਕਮ ਨਫਰਤ ਦੇ ਟੀਕੇ ਲਾਉਂਦੇ ਆ ਰਹੇ ਹਨ |