ਨਵੀਂ ਦਿੱਲੀ : ਤਿਹਾੜ ਜੇਲ੍ਹ ਤੋਂ ਜ਼ਮਾਨਤ ’ਤੇ ਰਿਹਾਅ ਹੋਣ ਤੋਂ ਇਕ ਦਿਨ ਬਾਅਦ ‘ਆਪ’ ਆਗੂ ਮਨੀਸ਼ ਸਿਸੋਦੀਆ ਨੇ ਆਪਣੀ ਪਤਨੀ ਨਾਲ ਸਵੇਰ ਦੀ ਚਾਹ ਪੀਣ ਦੀ ਤਸਵੀਰ ਸਾਂਝੀ ਕੀਤੀ ਅਤੇ ਇਸ ਦੀ ‘17 ਮਹੀਨਿਆਂ ਬਾਅਦ ਆਜ਼ਾਦ ਸਵੇਰ ਦੀ ਪਹਿਲੀ ਚਾਹ’ ਕੈਪਸ਼ਨ ਦਿੱਤੀ।
ਜਹਾਜ਼ ਹਾਦਸੇ ’ਚ 61 ਮੌਤਾਂ
ਵਿਨਹੇਡੋ : ਬ੍ਰਾਜ਼ੀਲ ਦੇ ਸਾਓ ਪਾਓਲੋ ’ਚ ਸ਼ੁੱਕਰਵਾਰ ਯਾਤਰੀ ਜਹਾਜ਼ ਰਿਹਾਇਸ਼ੀ ਇਲਾਕੇ ’ਚ ਡਿੱਗਣ ਕਾਰਨ ਉਸ ’ਚ ਸਵਾਰ ਸਾਰੇ 61 ਲੋਕਾਂ ਦੀ ਮੌਤ ਹੋ ਗਈ। ਸਾਓ ਪਾਓਲੋ ਮਹਾਂਨਗਰ ਤੋਂ ਲਗਭਗ 80 ਕਿਲੋਮੀਟਰ ਉੱਤਰ-ਪੱਛਮ ’ਚ ਵਿਨਹੇਡੋ ਸ਼ਹਿਰ ’ਚ ਡਿੱਗੇ ਜਹਾਜ਼ ਕਾਰਨ ਹੇਠਾਂ ਕਿਸੇ ਜਾਨੀ-ਮਾਲੀ ਨੁਕਸਾਨ ਦੀ ਖਬਰ ਨਹੀਂ। ਜਹਾਜ਼ ਸਾਓ ਪਾਓਲੋ ਤੋਂ ਗੁਆਰੁਲਹੋਸ ਲਈ ਜਾ ਰਿਹਾ ਸੀ। ਜਹਾਜ਼ ’ਚ 57 ਯਾਤਰੀ ਤੇ 4 ਚਾਲਕ ਦਲ ਦੇ ਮੈਂਬਰ ਸਨ।
ਮੋਦੀ ਵੱਲੋਂ ਵਾਇਨਾਡ ਦਾ ਹਵਾਈ ਸਰਵੇਖਣ
ਕੰਨੂਰ : ਕੁਦਰਤੀ ਆਫਤ ਨਾਲ ਤਬਾਹ ਵਾਇਨਾਡ ਜ਼ਿਲ੍ਹੇ ਦੇ ਕੁਝ ਇਲਾਕਿਆਂ ਦੀ ਫੇਰੀ ਲਈ ਕੇਰਲਾ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਪ੍ਰਭਾਵਤ ਪਿੰਡਾਂ ਚੂਰਲਮਾਲਾ, ਮੁੰਡੱਕਈ ਤੇ ਪੁਨਚਿਰੀਮੱਟਮ ਦਾ ਹਵਾਈ ਸਰਵੇਖਣ ਕੀਤਾ। ਪਿਛਲੇ ਹਫਤੇ ਢਿੱਗਾਂ ਡਿੱਗਣ ਤੇ ਪੂਰੇ ਦਾ ਪੂਰਾ ਪਹਾੜ ਖਿਸਕਣ ਨਾਲ ਸੈਂਕੜੇ ਜਾਨਾਂ ਚਲੀਆਂ ਗਈਆਂ ਸਨ। ਮੋਦੀ ਸਵੇਰੇ 11 ਵਜੇ ਦੇ ਕਰੀਬ ਏਅਰ ਇੰਡੀਆ ਵਨ ਰਾਹੀਂ ਕੰਨੂਰ ਕੌਮਾਂਤਰੀ ਹਵਾਈ ਅੱਡੇ ’ਤੇ ਪੁੱਜੇ ਸਨ, ਜਿੱਥੇ ਕੇਰਲਾ ਦੇ ਰਾਜਪਾਲ ਆਰਿਫ ਮੁਹੰਮਦ ਖਾਨ ਤੇ ਮੁੱਖ ਮੰਤਰੀ ਪਿਨਾਰਈ ਵਿਜਯਨ ਨੇ ਉਨ੍ਹਾ ਦਾ ਸਵਾਗਤ ਕੀਤਾ। ਇਸ ਮਗਰੋਂ ਮੋਦੀ ਭਾਰਤੀ ਹਵਾਈ ਸੈਨਾ ਦੇ ਹੈਲੀਕਾਪਟਰ ਉੱਤੇ ਵਾਇਨਾਡ ਲਈ ਰਵਾਨਾ ਹੋ ਗਏ। ਪ੍ਰਧਾਨ ਮੰਤਰੀ ਨਾਲ ਖਾਨ, ਵਿਜਯਨ ਅਤੇ ਸੈਰ-ਸਪਾਟਾ ਅਤੇ ਪੈਟਰੋਲੀਅਮ ਤੇ ਕੁਦਰਤੀ ਗੈਸ ਬਾਰੇ ਰਾਜ ਮੰਤਰੀ ਸੁਰੇਸ਼ ਗੋਪੀ ਵੀ ਸਵਾਰ ਸਨ। ਭਾਰਤੀ ਹਵਾਈ ਸੈਨਾ ਦਾ ਹੈਲੀਕਾਪਟਰ ਕਾਲਪੇਟਾ ਦੇ ਸਕੂਲ ਵਿਚ ਉਤਰਿਆ, ਜਿੱਥੋਂ ਮੋਦੀ ਸੜਕ ਰਸਤੇ ਪ੍ਰਭਾਵਤ ਖੇਤਰਾਂ ਵਿਚ ਪੁੱਜੇ। ਮੋਦੀ ਅਜਿਹੇ ਮੌਕੇ ਕੇਰਲਾ ਆਏ ਹਨ ਜਦੋਂ ਸੂਬਾ ਸਰਕਾਰ ਨੇ ਮੁੜ-ਵਸੇਬੇ ਤੇ ਰਾਹਤ ਕਾਰਜਾਂ ਲਈ 2000 ਕਰੋੜ ਰੁਪਏ ਦੀ ਮਦਦ ਮੰਗੀ ਹੈ।
ਸੋਮਨਾਥਨ ਨਵੇਂ ਕੈਬਨਿਟ ਸਕੱਤਰ ਨਿਯੁਕਤ
ਨਵੀਂ ਦਿੱਲੀ : ਸੀਨੀਅਰ ਆਈ ਏ ਐੱਸ ਅਧਿਕਾਰੀ ਟੀ ਵੀ ਸੋਮਨਾਥਨ ਨੂੰ ਸ਼ਨੀਵਾਰ ਰਾਜੀਵ ਗਾਬਾ ਦੀ ਜਗ੍ਹਾ ਕੈਬਨਿਟ ਸਕੱਤਰ ਨਿਯੁਕਤ ਕੀਤਾ ਗਿਆ। ਤਾਮਿਲਨਾਡੂ ਕੇਡਰ ਦੇ 1987 ਬੈਚ ਦੇ ਅਧਿਕਾਰੀ ਸੋਮਨਾਥਨ ਇਸ ਸਮੇਂ ਕੇਂਦਰੀ ਵਿੱਤ ਸਕੱਤਰ ਅਤੇ ਖਰਚਾ ਸਕੱਤਰ ਵਜੋਂ ਸੇਵਾਵਾਂ ਨਿਭਾ ਰਹੇ ਹਨ। ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ ਨੇ ਸੋਮਨਾਥਨ ਦੀ 30 ਅਗਸਤ ਤੋਂ ਦੋ ਸਾਲਾਂ ਦੇ ਕਾਰਜਕਾਲ ਲਈ ਕੈਬਨਿਟ ਸਕੱਤਰ ਵਜੋਂ ਨਿਯੁਕਤੀ ਨੂੰ ਮਨਜ਼ੂਰੀ ਦਿੱਤੀ ਹੈ।