ਕੋਲਕਾਤਾ : ਪੱਛਮੀ ਬੰਗਾਲ ਦੇ ਮਾਲਦਾ ਜ਼ਿਲ੍ਹੇ ਵਿਚ ਭਾਰਤ-ਬੰਗਲਾਦੇਸ਼ ਸੀਮਾ ’ਤੇ ਤਸਕਰਾਂ ਦੇ ਗਰੁੱਪ ਵੱਲੋਂ ਬੀ ਐੱਸ ਐੱਫ ਦੇ ਜਵਾਨ ’ਤੇ ਕੀਤੇ ਗਏ ਹਮਲੇ ਤੋਂ ਬਾਅਦ ਜਵਾਬੀ ਗੋਲੀਬਾਰੀ ਵਿਚ ਇਕ ਤਸਕਰ ਮਾਰਿਆ ਗਿਆ। ਜਵਾਨ ਨੇ ਸਮਾਨ ਸਮੇਤ ਭਾਰਤੀ ਖੇਤਰ ਤੋਂ ਬੰਗਲਾਦੇਸ਼ ਵੱਲ ਜਾਣ ਮੌਕੇ ਕੁਝ ਵਿਅਕਤੀਆਂ ਨੂੰ ਰੋਕਿਆ, ਪਰ ਉਥੇ ਲੁਕੇ ਇਕ ਗਰੁੱਪ ਨੇ ਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਜਵਾਨ ਵੱਲੋਂ ਕੀਤੀ ਗੋਲੀਬਾਰੀ ਦੌਰਾਨ ਇਕ ਤਸਕਰ ਜ਼ਖਮੀ ਹੋ ਗਿਆ ਅਤੇ ਬਾਕੀ ਹਨੇਰੇ ਦਾ ਫਾਇਦਾ ਉਠਾਉਂਦਿਆਂ ਭੱਜਣ ਵਿਚ ਕਾਮਯਾਬ ਰਹੇ। ਜ਼ਖਮੀ ਤਸਕਰ ਦੀ ਇਲਾਜ ਦੌਰਾਨ ਮੌਤ ਹੋ ਗਈ, ਜਿਸਦੀ ਪਛਾਣ ਬੰਗਲਾਦੇਸ਼ ਦੇ ਚਪਈ ਨਵਾਬਗੰਜ ਜ਼ਿਲ੍ਹੇ ਦੇ ਰਿਸਪਾਰ ਵਾਸੀ ਅਬਦੁੱਲਾ ਵਜੋਂ ਹੋਈ ਹੈ।