9.2 C
Jalandhar
Sunday, December 22, 2024
spot_img

ਚੀਨ ਵੱਲੋਂ ਤਾਇਵਾਨ ਦੁਆਲੇ ਮਿਲਟਰੀ ਅਭਿਆਸ

ਬੀਜਿੰਗ : ਅਮਰੀਕੀ ਸੰਸਦ ਦੀ ਸਪੀਕਰ ਨੈਨਸੀ ਪੇਲੋਸੀ ਦੇ ਤਾਇਵਾਨ ਦੇ ‘ਭੜਕਾਊ’ ਦੌਰੇ ਤੋਂ ਬਾਅਦ ਗੁੱਸੇ ਵਿਚ ਆਏ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ ਐੱਲ ਏ) ਨੇ ਤਾਇਵਾਨ ਦੇ ਆਲੇ-ਦੁਆਲੇ ਇਲਾਕਿਆਂ ਵਿਚ ਵੀਰਵਾਰ ਤੋਂ ਮਿਲਟਰੀ ਅਭਿਆਸ ਸ਼ੁਰੂ ਕਰ ਦਿੱਤਾ ਹੈ | ਇਸੇ ਦਰਮਿਆਨ ਤਾਇਵਾਨ ਦੇ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਪੀ ਐੱਲ ਏ ਨੇ ਤਾਇਵਾਨ ਦੇ ਉੱਤਰ-ਪੂਰਬੀ ਤੇ ਦੱਖਣ-ਪੱਛਮੀ ਤੱਟ ਕੋਲ 11 ਡੋਂਗਫੇਂਗ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ | ਤਾਇਵਾਨ ਨੇ ਕਿਹਾ ਹੈ ਕਿ ਉਹ ਜੰਗ ਨਹੀਂ ਚਾਹੁੰਦਾ ਪਰ ਇਸ ਲਈ ਤਿਆਰ ਰਹੇਗਾ | ਤਾਇਵਾਨ ਆਉਣ ਤੇ ਉਥੋਂ ਜਾਣ ਵਾਲੀਆਂ ਕਰੀਬ 50 ਇੰਟਰਨੈਸ਼ਨਲ ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ ਹਨ | ਚੀਨ ਨੇ ਮਿਲਟਰੀ ਅਭਿਆਸ ਨੂੰ ‘ਲਾਈਵ ਫਾਇਰਿੰਗ’ ਨਾਂਅ ਦਿੱਤਾ ਹੈ | ਅਭਿਆਸ ਤਾਇਵਾਨੀ ਤੱਟ ਤੋਂ ਸਿਰਫ 16 ਕਿੱਲੋਮੀਟਰ ਦੂਰ ਕੀਤਾ ਹੈ | ਇਹ ਅਭਿਆਸ 7 ਅਗਸਤ ਤਕ ਚੱਲੇਗਾ | ਚੀਨ ਪਹਿਲਾਂ ਇਹ ਅਭਿਆਸ ਤਾਇਵਾਨ ਤੋਂ ਕਰੀਬ 100 ਕਿੱਲੋਮੀਟਰ ਦੂਰ ਕਰਦਾ ਸੀ ਪਰ ਪੇਲੋਸੀ ਦੇ ਦੌਰੇ ਤੋਂ ਬਾਅਦ ਹੁਣ ਬੇਹੱਦ ਕਰੀਬ ਪੁੱਜਾ ਗਿਆ ਹੈ |
ਚੀਨ ਜਿੱਥੇ ਅਭਿਆਸ ਕਰ ਰਿਹਾ ਹੈ ਉਹ ਇਲਾਕਾ ਪਾਣੀ ਵਾਲੇ ਜਹਾਜ਼ਾਂ ਦਾ ਕਾਫੀ ਬਿਜ਼ੀ ਰੂਟ ਹੈ | ਇਸ ਰਾਹ ਤੋਂ ਸੈਮੀ-ਕੰਡੱਕਟਰ ਤੇ ਹੋਰ ਇਲੈਕਟ੍ਰਾਨਿਕ ਉਪਕਰਣ ਦੁਨੀਆ-ਭਰ ਵਿਚ ਭੇਜੇ ਜਾਂਦੇ ਹਨ | ਕੁਦਰਤੀ ਗੈਸ ਸਪਲਾਈ ਲਈ ਇਹ ਸਮੁੰਦਰੀ ਰੂਟ ਅਹਿਮ ਹੈ | ਦੁਨੀਆ ਦੇ ਲੱਗਭੱਗ ਅੱਧੇ ਕੰਟੇਨਰ ਇਧਰੋਂ ਜਾਂਦੇ ਹਨ | ਉਧਰ, ਵੀਰਵਾਰ ਪੱਛਮੀ ਪ੍ਰਸ਼ਾਂਤ ਸਾਗਰ ਵਿਚ ਫਿਲਪਾਈਨ ਕੋਲ ਵੀਰਵਾਰ ਤਾਇਵਾਨ ਦੇ ਦੱਖਣ-ਪੂਰਬੀ ਇਲਾਕੇ ਵਿਚ ਅਮਰੀਕੀ ਨੇਵੀ ਦਾ ਬੇੜਾ ਦਿਖਾਈ ਦਿੱਤਾ |
ਚੀਨ ਨੇ ਤਾਇਵਾਨ ਨੂੰ ਆਪਣਾ ਹਿੱਸਾ ਦਸਦਿਆਂ ਪੇਲੋਸੀ ਨੂੰ ਦੌਰੇ ਤੋਂ ਵਰਜਿਆ ਸੀ | ਦੋ ਅਗਸਤ ਨੂੰ ਤਾਇਵਾਨ ਪੁੱਜੀ ਪੇਲੋਸੀ ਨੇ ਕਿਹਾ ਸੀ ਕਿ ਅਮਰੀਕਾ ਉਸ ਦੀ ਹਮਾਇਤ ਪ੍ਰਤੀ ਵਚਨਬੱਧ ਰਹੇਗਾ | ਤਾਇਵਾਨ ਨੂੰ ਕੁਝ ਹੀ ਦੇਸ਼ਾਂ ਨੇ ਮਾਨਤਾ ਦਿੱਤੀ ਹੋਈ ਹੈ | ਬਹੁਤੇ ਦੇਸ਼ ਉਸਨੂੰ ਚੀਨ ਦਾ ਹਿੱਸਾ ਮੰਨਦੇ ਹਨ | ਅਮਰੀਕਾ ਦੇ ਵੀ ਉਸ ਨਾਲ ਡਿਪਲੋਮੈਟਿਕ ਸੰਬੰਧ ਨਹੀਂ ਹਨ ਪਰ ਉਹ ਅਮਰੀਕਾ-ਤਾਇਵਾਨ ਰਿਸ਼ਤੇ ਕਾਨੂੰਨ ਤਹਿਤ ਉਸ ਨੂੰ ਹਥਿਆਰ ਵੇਚਦਾ ਹੈ | ਕਾਨੂੰਨ ਵਿਚ ਕਿਹਾ ਗਿਆ ਹੈ ਕਿ ਉਹ ਤਾਇਵਾਨ ਨੂੰ ਸਵੈ-ਰੱਖਿਆ ਲਈ ਜ਼ਰੂਰੀ ਮਦਦ ਦੇਵੇਗਾ | 1940 ਦੀ ਖਾਨਾਜੰਗੀ ਦੌਰਾਨ ਚੀਨ ਤੇ ਤਾਇਵਾਨ ਅੱਡ ਹੋਏ ਸਨ | ਤਾਇਵਾਨ ਖੁਦ ਨੂੰ ਆਜ਼ਾਦ ਦੇਸ਼ ਕਹਿੰਦਾ ਹੈ, ਜਦਕਿ ਚੀਨ ਉਸਨੂੰ ਆਪਣਾ ਸੂਬਾ ਮੰਨਦਾ ਹੈ |

Related Articles

LEAVE A REPLY

Please enter your comment!
Please enter your name here

Latest Articles