ਲਾਹੌਰ : ਪੈਰਿਸ ਉਲੰਪਿਕ ਵਿਚ ਜੈਵੇਲੀਅਨ ਥ੍ਰੋ ਦਾ ਸੋਨ ਤਮਗਾ ਜਿੱਤਣ ਵਾਲੇ ਅਰਸ਼ਦ ਨਦੀਮ ਦੇ ਸਹੁਰੇ ਮੁਹੰਮਦ ਨਵਾਜ਼ ਨੇ ਕਿਹਾ ਹੈ ਕਿ ਉਹ ਦਾਮਾਦ ਨੂੰ ਮੱਝ ਦਾ ਤੋਹਫਾ ਦੇਵੇਗਾ। ਨਵਾਜ਼ ਨੇ ਕਿਹਾ ਕਿ ਉਨ੍ਹਾ ਦੇ ਪਿੰਡ ਵਿਚ ਮੱਝ ਦਾ ਤੋਹਫਾ ਬੇਸ਼ਕੀਮਤੀ ਤੇ ਮਾਣ ਵਾਲਾ ਸਮਝਿਆ ਜਾਂਦਾ ਹੈ। ਨਵਾਜ਼ ਨੇ ਕਿਹਾ ਕਿ ਨਦੀਮ ਬਹੁਤ ਹੀ ਹਲੀਮ ਹੈ। ਉਹ ਆਪਣੇ ਪਿੰਡ ’ਚ ਸਧਾਰਨ ਘਰ ਵਿਚ ਮਾਪਿਆਂ ਤੇ ਭਰਾਵਾਂ ਨਾਲ ਰਹਿੰਦਾ ਹੈ। ਨਵਾਜ਼ ਦੀ ਸਭ ਤੋਂ ਛੋਟੀ ਧੀ ਆਇਸ਼ਾ ਛੇ ਸਾਲ ਪਹਿਲਾਂ ਖਾਨੇਵਾਲ ਪਿੰਡ ਦੇ ਨਦੀਮ ਨਾਲ ਵਿਆਹੀ ਸੀ। ਦੋਹਾਂ ਦੇ ਦੋ ਪੁੱਤਰ ਤੇ ਇਕ ਧੀ ਹਨ। ਨਵਾਜ਼ ਨੇ ਕਿਹਾ ਕਿ ਜਦੋਂ ਉਸ ਨੇ ਧੀ ਨੂੰ ਨਦੀਮ ਨਾਲ ਵਿਆਹੁਣ ਦਾ ਫੈਸਲਾ ਕੀਤਾ ਸੀ, ਉਸ ਕੋਲ ਸੀਮਤ ਵਸੀਲੇ ਸਨ, ਪਰ ਖੇਡਾਂ ਵਿਚ ਕੁਝ ਕਰ ਦਿਖਾਉਣ ਦੀ ਭੁੱਖ ਸੀ। ਇਸੇ ਦੌਰਾਨ ਅਮਰੀਕਾ ਰਹਿੰਦੇ ਇਕ ਪਾਕਿਸਤਾਨੀ ਬਿਜ਼ਨਸਮੈਨ ਦੀ ਤਰਫੋਂ ਨਦੀਮ ਨੂੰ ਸਜ਼ੂਕੀ ਆਲਟੋ ਦੇਣ ਬਾਰੇ ਐਲਾਨ ’ਤੇ ਸੋਸ਼ਲ ਮੀਡੀਆ ਵਿਚ ਕਾਫੀ ਪ੍ਰਤੀਕਿਰਿਆ ਹੋਈ ਹੈ। ਪਾਕਿਸਤਾਨ ਦੇ ਸਈਅਦ ਜ਼ਫਰ ਅੱਬਾਸ ਜਾਫਰੀ ਨੇ ਇਕ ਵੀਡੀਓ ਪਾ ਕੇ ਦੱਸਿਆ ਕਿ ਅਮਰੀਕਾ ਵਿਚ ਰਹਿੰਦਾ ਪਾਕਿਸਤਾਨੀ ਬਿਜ਼ਨਸਮੈਨ ਅਲੀ ਸ਼ੇਖਾਨੀ ਨਦੀਮ ਦੇ ਪਾਕਿਸਤਾਨ ਵਾਪਸ ਆਉਣ ’ਤੇ ਬਰੈਂਡ ਨਿਊ ਆਲਟੋ ਕਾਰ ਦੇਵੇਗਾ। ਇਸ ਤੋਂ ਬਾਅਦ ਲੋਕਾਂ ਨੇ ਬਿਜ਼ਨਸਮੈਨ ਦੀ ਇਹ ਕਹਿੰਦਿਆਂ ਖਿੱਲੀ ਉਡਾਉਣੀ ਸ਼ੁਰੂ ਕਰ ਦਿੱਤੀ ਹੈ ਕਿ ਉਹ ਪਾਕਿਸਤਾਨ ਵਿਚ ਕਰੀਬ ਸਾਢੇ 23 ਲੱਖ ਵਿਚ ਮਿਲਦੀ ਆਲਟੋ ਦੇਵੇਗਾ। ਇਸ ਦੀ ਭਾਰਤ ਵਿਚ ਕੀਮਤ 7 ਕੁ ਲੱਖ ਹੈ। ਕਰਾਚੀ ਦੇ ਤੈਮੂਰ ਨੇ ‘ਐੱਕਸ’ ’ਤੇ ਲਿਖਿਆਪਿਆਰੇ ਅਲੀ ਸ਼ੇਖਾਨੀ ਨਦੀਮ ਨੂੰ ਘਟੀਆ ਕਾਰ ਦੇਣ ਦੀ ਥਾਂ ਤੁਸੀਂ ਉਸ ਦੀ ਖੁਰਾਕ ਦਾ ਖਿਆਲ ਰੱਖਣ ਵਾਲੇ, ਟਰੇਨਰ ਜਾਂ ਹੋਰ ਸਹਿਯੋਗੀ ਸਟਾਫ ਦਾ ਖਰਚਾ ਕਿਉ ਨਹੀਂ ਚੁੱਕਦੇ, ਤਾਂ ਜੋ ਉਹ ਵਰਲਡ ਰਿਕਾਰਡ ਤੋੜ ਸਕੇ। ਇਕ ਹੋਰ ਵਿਅਕਤੀ ਨੇ ਲਿਖਿਆਸ਼ਾਬਾਸ਼ ਅਲੀ ਸ਼ੇਖਾਨੀ। ਤੁਸੀਂ ਆਲਟੋ ਨੂੰ ਕਨਵਰਟੀਬਲ ਕਿਉ ਨਹੀਂ ਬਣਵਾ ਲੈਂਦੇ। ਮੈਂ 6 ਫੁੱਟ ਇਕ ਇੰਚ ਦਾ ਹਾਂ ਤੇ ਮੇਰਾ ਸਿਰ ਆਲਟੋ ਦੀ ਛੱਤ ਨਾਲ ਲੱਗਣਾ। ਨਦੀਮ ਭਾਈ ਟਾਪਲੈੱਸ ਕਾਰ ਹੀ ਚਲਾ ਸਕਣਗੇ। ਆਈ ਟੀ ਪ੍ਰੋਫੈਸ਼ਨਲ ਰਾਹੁਲ ਜੈਨ ਨੇ ਲਿਖਿਆ ਹੈਇਹ ਨਦੀਮ ਦੀ ਬੇਇੱਜ਼ਤੀ ਹੈ। ਉਹ ਬੀ ਐੱਮ ਡਬਲਿਊ ਜਾਂ ਔਡੀ ਦਾ ਹੱਕਦਾਰ ਹੈ।