28.2 C
Jalandhar
Tuesday, October 8, 2024
spot_img

ਸੇਬੀ ਮੁਖੀ ਦੀ ਸਫਾਈ ਹੀ ਕਬੂਲਨਾਮਾ : ਹਿੰਡਨਬਰਗ

ਭਾਜਪਾ ਆਗੂਆਂ ਵੱਲੋਂ ਹਿੰਡਨਬਰਗ ਰਿਪੋਰਟ ਦੇ ਬਹਾਨੇ ਕਾਂਗਰਸ ’ਤੇ ਅਰਥਚਾਰੇ ਨੂੰ ਅਸਥਿਰ ਕਰਨ ਦਾ ਦੋਸ਼, ਕਾਂਗਰਸ ਵੱਲੋਂ ਸੇਬੀ ਮੁਖੀ ਦੇ ਅਸਤੀਫੇ ਦੀ ਮੰਗ

ਮੁੰਬਈ : ਅਮਰੀਕੀ ਸ਼ਾਰਟ ਸੈਲਰ ਹਿੰਡਨਬਰਗ ਰਿਸਰਚ ਨੇ ਕਿਹਾ ਹੈ ਕਿ ਉਸ ਦੀ ਰਿਪੋਰਟ ’ਤੇ ਸੇਬੀ ਦੀ ਮੁਖੀ ਮਾਧਵੀ ਪੁਰੀ ਬੁੱਚ ਨੇ ਜਵਾਬ ਦਿੰਦਿਆਂ ਕਈ ਗੱਲਾਂ ਮੰਨੀਆਂ ਹਨ, ਜਿਸ ਨਾਲ ਕਈ ਸਵਾਲ ਖੜ੍ਹੇ ਹੋ ਗਏ ਹਨ। ਹਿੰਡਨਬਰਗ ਨੇ ਕਿਹਾਬੁੱਚ ਦੇ ਜਵਾਬ ਤੋਂ ਇਹ ਪੁਸ਼ਟੀ ਹੁੰਦੀ ਹੈ ਕਿ ਉਸ ਦਾ ਨਿਵੇਸ਼ ਬਰਮੂਡਾ/ਮਾਰੀਸ਼ਸ਼ ਦੇ ਫੰਡ ਵਿਚ ਸੀ। ਇਹ ਉਹੀ ਫੰਡ ਹੈ, ਜਿਸ ਦੀ ਵਰਤੋਂ ਗੌਤਮ ਅਡਾਨੀ ਦਾ ਭਰਾ ਵਿਨੋਦ ਅਡਾਨੀ ਕਰਦਾ ਸੀ। ਦੋਸ਼ ਹੈ ਕਿ ਵਿਨੋਦ ਅਡਾਨੀ ਇਨ੍ਹਾਂ ਫੰਡਾਂ ਰਾਹੀਂ ਆਪਣੇ ਗਰੁੱਪ ਦੇ ਸ਼ੇਅਰਾਂ ਦੀਆਂ ਕੀਮਤਾਂ ਵਧਾਉਦਾ ਸੀ।
ਹਿੰਡਨਬਰਗ ਨੇ ਕਿਹਾ ਹੈ ਕਿ ਮਾਰਕਿਟ ਰੈਗੂਲੇਟਰ ਸੇਬੀ ਨੂੰ ਅਡਾਨੀ ਮਾਮਲੇ ਨਾਲ ਸੰਬੰਧਤ ਇਨ੍ਹਾਂ ਆਫਸ਼ੋਰ ਫੰਡਾਂ ਦੀ ਜਾਂਚ ਕਰਨ ਦਾ ਕੰਮ ਸੌਂਪਿਆ ਗਿਆ ਸੀ, ਜਿਨ੍ਹਾਂ ’ਚ ਮਾਧਵੀ ਬੁੱਚ ਨੇ ਨਿਵੇਸ਼ ਕੀਤਾ ਸੀ। ਇਹ ਸਪੱਸ਼ਟ ਤੌਰ ’ਤੇ ਹਿੱਤਾਂ ਦੇ ਟਕਰਾਅ ਦਾ ਇਕ ਵੱਡਾ ਮਾਮਲਾ ਹੈ।
ਹਿੰਡਨਬਰਗ ਨੇ ਸ਼ਨੀਵਾਰ ਪ੍ਰਕਾਸ਼ਤ ਆਪਣੀ ਰਿਪੋਰਟ ਵਿਚ ਦਾਅਵਾ ਕੀਤਾ ਸੀ ਕਿ ਮਾਧਵੀ ਬੁੱਚ ਤੇ ਉਸ ਦੇ ਪਤੀ ਧਵਲ ਬੁੱਚ ਦੀ ਅਡਾਨੀ ਗਰੁੱਪ ਨਾਲ ਜੁੜੀ ਆਫਸ਼ੋਰ ਕੰਪਨੀ ਵਿਚ ਹਿੱਸੇਦਾਰੀ ਹੈ।
ਹਿੰਡਨਬਰਗ ਨੇ ਬੁੱਚ ਜੋੜੇ ਵੱਲੋਂ ਆਪਣੀ ਸਫਾਈ ਵਿਚ ਦਿੱਤੇ ਗਏ ਬਿਆਨ ਤੋਂ ਬਾਅਦ ਕਿਹਾ ਹੈ ਕਿ ਮਾਧਵੀ ਬੁੱਚ ਨੇ ਕਿਹਾ ਹੈ ਕਿ ਉਹ ਦੋਹਾਂ ਕੰਸਲਟਿੰਗ ਕੰਪਨੀਆਂ (ਇਕ ਭਾਰਤੀ ਯੂਨਿਟ ਤੇ ਇਕ ਸਿੰਗਾਪੁਰੀ ਯੂਨਿਟ) ਤੋਂ 2017 ਵਿਚ ਸੇਬੀ ਵਿਚ ਨਿਯੁਕਤ ਹੁੰਦਿਆਂ ਹੀ ਹਟ ਗਈ ਸੀ, ਪਰ ਮਾਰਚ 2024 ਦੀ ਸ਼ੇਅਰ ਹੋਲਡਿੰਗ ਦੱਸਦੀ ਹੈ ਕਿ ਅਗੋਰਾ ਐਡਵਾਇਜ਼ਰੀ (ਇੰਡੀਆ) ਵਿਚ ਮਾਧਵੀ ਦੀ 99 ਫੀਸਦੀ ਹਿੱਸੇਦਾਰੀ ਹੈ। ਉਹ 16 ਮਾਰਚ 2022 ਤੱਕ ਅਗੋਰਾ ਪਾਰਟਨਰਜ਼ ਸਿੰਗਾਪੁਰ ਦੀ 100 ਫੀਸਦੀ ਸ਼ੇਅਰ ਹੋਲਡਰ ਬਣੀ ਰਹੀ ਤੇ ਸੇਬੀ ਦੇ ਮੈਂਬਰ ਵਜੋਂ ਆਪਣੇ ਕਾਰਜਕਾਲ ਦੌਰਾਨ ਇਸ ਦੀ ਮਾਲਕ ਰਹੀ। ਸੇਬੀ ਦੀ ਚੇਅਰਪਰਸਨ ਬਣਨ ਦੇ ਦੋ ਹਫਤੇ ਬਾਅਦ ਉਸ ਨੇ ਆਪਣੇ ਸ਼ੇਅਰ ਪਤੀ ਦੇ ਨਾਂਅ ਟਰਾਂਸਫਰ ਕਰ ਦਿੱਤੇ। ਬੁੱਚ ਨੇ ਸਿੰਗਾਪੁਰ ਦੇ ਜਿਸ ਕੰਸਲਟਿੰਗ ਯੂਨਿਟ ਦੀ ਸਥਾਪਨਾ ਕੀਤੀ ਸੀ, ਉਹ ਸਰਵਜਨਕ ਤੌਰ ’ਤੇ ਰੈਵੇਨਿਊ ਜਾਂ ਮੁਨਾਫੇ ਵਰਗੀ ਆਪਣੀ ਵਿੱਤੀ ਰਿਪੋਰਟ ਨਹੀਂ ਦਿੰਦਾ। ਇਸ ਲਈ ਇਹ ਦੇਖਣਾ ਅਸੰਭਵ ਹੈ ਕਿ ਸੇਬੀ ਵਿਚ ਉਸ ਦੇ ਕਾਰਜਕਾਲ ਦੌਰਾਨ ਇਸ ਯੂਨਿਟ ਨੇ ਕਿੰਨਾ ਪੈਸਾ ਕਮਾਇਆ ਹੈ। ਫਾਈਨੈਂਸ਼ੀਅਲ ਸਟੇਟਮੈਂਟ ਮੁਤਾਬਕ ਮਾਧਵੀ ਬੁੱਚ ਦੀ 99 ਫੀਸਦੀ ਵਾਲੀ ਅਗੋਰਾ ਐਡਵਾਇਜ਼ਰੀ ਇੰਡੀਆ ਕੰਪਨੀ ਨੇ ਵਿੱਤੀ ਸਾਲ (2022, 2023 ਤੇ 2024) ਦੌਰਾਨ 2.39 ਕਰੋੜ ਦਾ ਰੈਵੇਨਿਊ ਜੁਟਾਇਆ। ਇਹ ਰੈਵੇਨਿਊ ਮਾਧਵੀ ਬੁੱਚ ਦੇ ਸੇਬੀ ਦੀ ਚੇਅਰਪਰਸਨ ਰਹਿੰਦਿਆਂ ਜੁਟਾਇਆ ਗਿਆ। ਮਾਧਵੀ ਨੇ ਸੇਬੀ ਦੇ ਮੈਂਬਰ ਵਜੋਂ ਸੇਵਾ ਦਿੰਦਿਆਂ ਪਤੀ ਦੇ ਨਾਂਅ ਦੀ ਵਰਤੋਂ ਕਰਕੇ ਬਿਜ਼ਨੈੱਸ ਕਰਨ ਲਈ ਆਪਣੀ ਨਿੱਜੀ ਈਮੇਲ ਦੀ ਵਰਤੋਂ ਕੀਤੀ ਸੀ। ਸਵਾਲ ਉਠਦਾ ਹੈ ਕਿ ਸੇਬੀ ਦੀ ਚੇਅਰਪਰਸਨ ਰਹਿੰਦਿਆਂ ਆਪਣੇ ਪਤੀ ਦੇ ਨਾਂਅ ’ਤੇ ਕਿਹੜੇ ਨਿਵੇਸ਼ ਤੇ ਬਿਜ਼ਨੈੱਸ ਕੀਤੇ?
ਮਾਧਵੀ ਬੁੱਚ ਤੇ ਉਸ ਦੇ ਪਤੀ ਧਵਲ ਬੁੱਚ ਨੇ ਐਤਵਾਰ ਜਾਰੀ ਬਿਆਨ ਵਿਚ ਹਿੰਡਨਬਰਗ ਦੇ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਸੀ ਕਿ ਜਿਸ ਫੰਡ ਦਾ ਜ਼ਿਕਰ ਕੀਤਾ ਗਿਆ ਹੈ, ਉਸ ਨੂੰ ਉਨ੍ਹਾਂ 2015 ਵਿਚ ਲਿਆ ਸੀ। ਉਦੋਂ ਉਨ੍ਹਾਂ ਦਾ ਸੇਬੀ ਨਾਲ ਕੋਈ ਸੰਬੰਧ ਨਹੀਂ ਸੀ।
ਉਨ੍ਹਾਂ ਦੋਸ਼ ਲਾਇਆ ਸੀ ਕਿ ਭਾਰਤ ਨੇ ਵੱਖ-ਵੱਖ ਮਾਮਲਿਆਂ ਵਿਚ ਹਿੰਡਨਬਰਗ ਨੂੰ ਨੋਟਿਸ ਜਾਰੀ ਕੀਤਾ ਸੀ ਤੇ ਉਸ ਨੇ ਕੋਈ ਜਵਾਬ ਦੇਣ ਦੀ ਥਾਂ ਸੇਬੀ ਦੀ ਭਰੋਸੇਯੋਗਤਾ ’ਤੇ ਹਮਲਾ ਕਰਨ ਤੇ ਸੇਬੀ ਦੀ ਚੇਅਰਪਰਸਨ ਦੀ ਕਿਰਦਾਰਕੁਸ਼ੀ ਦਾ ਬਦਲ ਚੁਣਿਆ।
ਭਾਜਪਾ ਨੇ ਸੋਮਵਾਰ ਨੂੰ ਸੇਬੀ ਦੀ ਚੇਅਰਪਰਸਨ ਵਿਰੁੱਧ ਹਿੰਡਨਬਰਗ ਦੇ ਦੋਸ਼ਾਂ ਦੀ ਜੇ ਪੀ ਸੀ ਜਾਂਚ ਦੀ ਕਾਂਗਰਸ ਦੀ ਮੰਗ ਨੂੰ ਖਾਰਜ ਕਰਦਿਆਂ ਕਿਹਾ ਕਿ ਇਸ ਮੰਗ ਦਾ ਮਕਸਦ ਦੇਸ਼ ਦੀ ਅਰਥਵਿਵਸਥਾ ਨੂੰ ਕਮਜ਼ੋਰ ਅਤੇ ਨਿਵੇਸ਼ ਨੂੰ ਤਬਾਹ ਕਰਨਾ ਹੈ। ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਸ਼ਾਰਟ ਸੈਲਿੰਗ ਫਰਮ ਦੇ ਦੋਸ਼ ਅਤੇ ਵਿਰੋਧੀ ਧਿਰ ਦੀ ਆਲੋਚਨਾ ਇੱਕ ਵਿਆਪਕ ਸਾਜ਼ਿਸ਼ ਦਾ ਹਿੱਸਾ ਹੈ। ਉਨ੍ਹਾ ਦੋਸ਼ ਲਾਇਆ-ਕਾਂਗਰਸ ਪਾਰਟੀ ਦੀ ਲੀਡਰਸ਼ਿਪ ਇਸ ਫਰਜ਼ੀ ਰਿਪੋਰਟ ਦੇ ਆਧਾਰ ’ਤੇ ਆਰਥਿਕ ਅਰਾਜਕਤਾ ਪੈਦਾ ਕਰਨਾ ਚਾਹੁੰਦੀ ਹੈ। ਨਿਵੇਸ਼ਕਾਂ ਨੂੰ ਸਾਜ਼ਿਸ਼ ਦਾ ਅਹਿਸਾਸ ਹੋ ਗਿਆ ਹੈ ਅਤੇ ਉਨ੍ਹਾਂ ਨੇ ਮਾਰਕੀਟ ਨੂੰ ਝਟਕਾ ਦੇਣ ਦੀਆਂ ਕੋਸ਼ਿਸ਼ਾਂ ਨੂੰ ਰੱਦ ਕਰ ਦਿੱਤਾ ਹੈ। ਛੋਟੇ ਨਿਵੇਸ਼ਕਾਂ ਨੇ ਵੱਡੀ ਗਿਣਤੀ ’ਚ ਸ਼ੇਅਰ ਬਾਜ਼ਾਰ ’ਚ ਆਪਣਾ ਪੈਸਾ ਲਗਾਇਆ ਹੈ ਤੇ ਉਨ੍ਹਾਂ ਨੂੰ ਹੈਰਾਨੀ ਹੁੰਦੀ ਹੈ ਕਿ ਕਾਂਗਰਸ ਉਨ੍ਹਾਂ ਨੂੰ ਨੁਕਸਾਨ ਕਿਉਂ ਪਹੁੰਚਾਉਣਾ ਚਾਹੁੰਦੀ ਹੈ।
ਪ੍ਰਸਾਦ ਨੇ ਕਿਹਾ ਹੈ ਕਿ ਹਿੰਡਨਬਰਗ ਰਿਸਰਚ ਦਾ ਮੁੱਖ ਨਿਵੇਸ਼ਕ ਹੰਗਰੀ ਵਿਚ ਪੈਦਾ ਹੋਇਆ ਅਮਰੀਕੀ ਨਿਵੇਸ਼ਕ ਜਾਰਜ ਸੋਰੋਸ ਹੈ। ਸੋਰੋਸ ਭਾਰਤ ਵਿਰੁੱਧ ਲਗਾਤਾਰ ਪ੍ਰਾਪੇਗੰਡਾ ਕਰਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਤੀ ਉਸ ਦੇ ਮਨ ਵਿਚ ਨਫਰਤ ਭਰੀ ਹੋਈ ਹੈ। ਕਾਂਗਰਸ ਉਸ ਦੇ ਮੁਤਾਬਕ ਚਲਦੀ ਹੈ। ਇਹ ਪਹਿਲੀ ਵਾਰ ਨਹੀਂ ਹੈ ਕਿ ਭਾਜਪਾ ਨੇ ਸੋਰੋਸ ਨੂੰ ਕਾਂਗਰਸ ਨਾਲ ਜੋੜਿਆ ਹੈ। ਪਿਛਲੇ ਸਾਲ ਜੂਨ ਵਿਚ ਵੇਲੇ ਦੀ ਕੇਂਦਰੀ ਮੰਤਰੀ ਸਿਮਰਤੀ ਈਰਾਨੀ ਨੇ ਦੋਸ਼ ਲਾਇਆ ਸੀ ਕਿ ਰਾਹੁਲ ਦੇ ਸੋਰੋਸ ਨਾਲ ਸੰਬੰਧ ਹਨ।
ਸੋਰੋਸ ਤਕੜਾ ਬਿਜ਼ਨਸਮੈਨ, ਨਿਵੇਸ਼ਕ ਤੇ ਦਾਨੀ ਹੈ। ਉਸ ਦੀ ਦੌਲਤ 6.7 ਅਰਬ ਡਾਲਰ ਹੈ। ਫੋਰਬਸ ਮੁਤਾਬਕ ਉਹ ਦਿਲ ਖੋਲ੍ਹ ਕੇ ਸੰਸਥਾਵਾਂ ਨੂੰ ਦਾਨ ਕਰਦਾ ਹੈ। 94 ਸਾਲਾ ਸੋਰੋਸ ਬਾਰੇ ਕਿਹਾ ਜਾਂਦਾ ਹੈ ਕਿ ਉਹ ਪ੍ਰਗਤੀਸ਼ੀਲ ਤੇ ਉਦਾਰਵਾਦੀ ਮੰਤਵਾਂ ਦੀ ਹਮਾਇਤ ਕਰਦਾ ਹੈ ਤੇ ਓਪਨ ਸੁਸਾਇਟੀ ਫਾਊਂਡੇਸ਼ਨਜ਼ ਰਾਹੀਂ ਉਸ ਲਈ ਦਾਨ ਕਰਦਾ ਹੈ। 1979 ਤੋਂ 2011 ਤੱਕ ਉਸ ਨੇ 11 ਅਰਬ ਡਾਲਰ ਦਾਨ ਦਿੱਤੇ।
ਫਰਵਰੀ 2023 ਵਿਚ ਮਿਊਨਿਖ ਸਕਿਉਰਟੀ ਕਾਨਫਰੰਸ ਵਿਚ ਬੋਲਦਿਆਂ ਸੋਰੋਸ ਨੇ ਕਿਹਾ ਸੀ ਕਿ ਮੋਦੀ ਡੈਮੋਕਰੇਟ ਨਹੀਂ ਅਤੇ ਹਿੰਡਨਬਰਗ ਦੀ ਰਿਪੋਰਟ ਵਿਚ ਉਸ ਦੇ ਅਡਾਨੀ ਨਾਲ ਸੰਬੰਧਾਂ ਦੇ ਖੁਲਾਸੇ ਨਾਲ ਭਾਰਤ ’ਚ ਜਮਹੂਰੀਅਤ ਬਹਾਲ ਹੋਵੇਗੀ।
ਭਾਜਪਾ ਸਾਂਸਦ ਕੰਗਣਾ ਰਣੌਤ ਨੇ ਹਿੰਡਨਬਰਗ ਮਾਮਲੇ ਵਿਚ ਐਂਟਰੀ ਕਰਦਿਆਂ ਕਿਹਾ ਹੈ ਕਿ ਰਾਹੁਲ ਗਾਂਧੀ ਸਭ ਤੋਂ ਖਤਰਨਾਕ, ਜ਼ਹਿਰੀਲੇ ਤੇ ਤਬਾਹਕਾਰੀ ਵਿਅਕਤੀ ਹਨ। ਰਾਹੁਲ ਗਾਂਧੀ ਦੇਸ਼ ਦੀ ਸੁਰੱਖਿਆ ਤੇ ਅਰਥ ਵਿਵਸਥਾ ਨੂੰ ਅਸਥਿਰ ਕਰਨ ਲਈ ਹਰ ਸੰਭਵ ਕੋਸਿਸ਼ ਕਰ ਰਹੇ ਹਨ। ਉਹ ਪੂਰੀ ਜ਼ਿੰਦਗੀ ਆਪੋਜ਼ੀਸ਼ਨ ਵਿਚ ਬੈਠਣ ਲਈ ਤਿਆਰ ਰਹਿਣ। ਲੋਕ ਕਦੇ ਵੀ ਉਨ੍ਹਾ ਨੂੰ ਆਪਣਾ ਨੇਤਾ ਨਹੀਂ ਮੰਨਣਗੇ, ਕਿਉਕਿ ਉਹ ਕਲੰਕ ਹਨ।
ਕਾਂਗਰਸ ਨੇ ਸੋਮਵਾਰ ਸੇਬੀ ਦੀ ਚੇਅਰਪਰਸਨ ਮਾਧਵੀ ਬੁੱਚ ਦੇ ਅਸਤੀਫੇ ਦੀ ਮੰਗ ਕੀਤੀ ਅਤੇ ਅਪੀਲ ਕੀਤੀ ਹੈ ਕਿ ਸੁਪਰੀਮ ਕੋਰਟ ‘ਸੇਬੀ ਨਾਲ ਗੰਢਤੁਪ ਦੀ ਸੰਭਾਵਨਾ’ ਨੂੰ ਦੇਖਦੇ ਹੋਏ ਅਡਾਨੀ ਦੀ ਜਾਂਚ ਸੀ ਬੀ ਆਈ ਜਾਂ ਵਿਸ਼ੇਸ਼ ਜਾਂਚ ਟੀਮ ਨੂੰ ਸੌਂਪੇ। ਕਾਂਗਰਸ ਦਾ ਇਹ ਬਿਆਨ ਸੇਬੀ ਦੇ ਬਿਆਨ ਤੋਂ ਇੱਕ ਦਿਨ ਬਾਅਦ ਆਇਆ ਹੈ, ਜਦੋਂ ਸੇਬੀ ਨੇ ਕਿਹਾ ਕਿ ਅਡਾਨੀ ਸਮੂਹ ਦੇ ਖਿਲਾਫ ਦੋਸ਼ਾਂ ਦੀ ‘ਢੁਕਵੀਂ ਜਾਂਚ’ ਕੀਤੀ ਗਈ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਸੇਬੀ ਲੰਮੇ ਸਮੇਂ ਤੋਂ ਇੱਕ ਭਰੋਸੇਯੋਗ ਗਲੋਬਲ ਵਿੱਤੀ ਮਾਰਕੀਟ ਰੈਗੂਲੇਟਰ ਮੰਨਿਆ ਜਾਂਦਾ ਹੈ, ਪਰ ਹੁਣ ਜਾਂਚ ਦੇ ਘੇਰੇ ’ਚ ਹੈ।

Related Articles

LEAVE A REPLY

Please enter your comment!
Please enter your name here

Latest Articles