ਨਵੀਂ ਦਿੱਲੀ : ਸੁਤੰਤਰਤਾ ਦਿਵਸ (15 ਅਗਸਤ) ’ਤੇ ਤਿਰੰਗਾ ਲਹਿਰਾਉਣ ਦਾ ਮਾਮਲਾ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਉਪ ਰਾਜਪਾਲ ਵਿਚਾਲੇ ਨਵੇਂ ਟਕਰਾਅ ਦਾ ਕਾਰਨ ਬਣ ਗਿਆ ਹੈ। ਜੇਲ੍ਹਬੰਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਥਾਂ ’ਤੇ ਛਤਰਸਾਲ ਸਟੇਡੀਅਮ ’ਚ ਕੈਬਨਿਟ ਮੰਤਰੀ ਆਤਿਸ਼ੀ ਝੰਡਾ ਨਹੀਂ ਲਹਿਰਾ ਸਕਣਗੇ। ਦਿੱਲੀ ਸਰਕਾਰ ਦੇ ਜਨਰਲ ਐਡਮਨਿਸਟ੍ਰੇਸ਼ਨ ਵਿਭਾਗ (ਜੀ ਏ ਡੀ) ਨੇ ਮੰਗਲਵਾਰ ਕੇਜਰੀਵਾਲ ਦੇ ਉਸ ਪ੍ਰਸਤਾਵ ਨੂੰ ਰੱਦ ਕਰ ਦਿੱਤਾ, ਜਿਸ ’ਚ ਉਨ੍ਹਾ ਆਤਿਸ਼ੀ ਵੱਲੋਂ ਝੰਡਾ ਲਹਿਰਾਉਣ ਦੀ ਇੱਛਾ ਜਤਾਈ ਸੀ। ਸੋਮਵਾਰ ਤਿਹਾੜ ਜੇਲ੍ਹ ’ਚ ਕੇਜਰੀਵਾਲ ਨਾਲ ਮੁਲਾਕਾਤ ਕਰਨ ਤੋਂ ਬਾਅਦ ਕੈਬਨਿਟ ਮੰਤਰੀ ਗੋਪਾਲ ਰਾਏ ਨੇ ਜੀ ਏ ਡੀ ਨੂੰ ਆਜ਼ਾਦੀ ਦਿਵਸ ’ਤੇ ਆਤਿਸ਼ੀ ਦੀ ਤਰਫੋਂ ਝੰਡਾ ਲਹਿਰਾਉਣ ਦੇ ਪ੍ਰਬੰਧ ਕਰਨ ਲਈ ਲਿਖਤੀ ਆਦੇਸ਼ ਜਾਰੀ ਕੀਤਾ ਸੀ। ਇਸੇ ਦੌਰਾਨ ਉਪ ਰਾਜਪਾਲ ਨੇ ਸੀਨੀਅਰ ਮੰਤਰੀਆਂ ਨੂੰ ਪਿੱਛੇ ਛੱਡ ਕੇ ਗ੍ਰਹਿ ਮੰਤਰੀ ਕੈਲਾਸ਼ ਗਹਿਲੋਤ ਦੀ ਝੰਡਾ ਲਹਿਰਾਉਣ ਦੀ ਡਿਊਟੀ ਲਾ ਦਿੱਤੀ ਹੈ। ਇਸ ਨਾਲ ਵੀ ਨਵਾਂ ਟਕਰਾਅ ਪੈਦਾ ਹੋਣ ਦੀ ਸੰਭਾਵਨਾ ਹੈ। ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਉਪ ਰਾਜਪਾਲ ਵੀ ਕੇ ਸਕਸੈਨਾ ’ਤੇ ਵਰ੍ਹਦਿਆਂ ਕਿਹਾ ਹੈ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਆਜ਼ਾਦੀ ਦਿਵਸ ਦੇ ਪਵਿੱਤਰ ਮੌਕੇ ’ਤੇ ਘਟੀਆ ਰਾਜਨੀਤੀ ਖੇਡੀ ਜਾ ਰਹੀ ਹੈ।


