ਜਲੰਧਰ (ਕੇਸਰ)
ਦੀਵਾਲੀ ਦੇ ਤਿਉਹਾਰ ਨੂੰ ਮੱਦੇਨਜ਼ਰ ਰੱਖਦਿਆਂ ਇਸ ਵਾਰ 7, 8 ਤੇ 9 ਨਵੰਬਰ ਨੂੰ ਹੋਏਗਾ 33ਵਾਂ ਮੇਲਾ ਗ਼ਦਰੀ ਬਾਬਿਆਂ ਦਾ।ਦੇਸ਼ ਭਗਤ ਯਾਦਗਾਰ ਕਮੇਟੀ ਦੇ ਬੋਰਡ ਆਫ਼ ਟਰੱਸਟ ਦੀ ਸ਼ਨੀਵਾਰ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ’ਚ ਹੋਈ ਮੀਟਿੰਗ ’ਚ ਲਏ ਫੈਸਲਿਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਕਾਰਪੋਰੇਟ ਅਤੇ ਫਾਸ਼ੀਵਾਦ ਵਿਰੁੱਧ ਸੰਘਰਸ਼ਾਂ ਨੂੰ ਸਮਰਪਿਤ ਹੋਏਗਾ ਮੇਲਾ ਗ਼ਦਰੀ ਬਾਬਿਆਂ ਦਾ।ਇਸ ਮੇਲੇ ਦੇ ਸਿਖ਼ਰਲੇ ਦਿਨ 9 ਨਵੰਬਰ (ਐਤਵਾਰ) ਸਵੇਰੇ 10 ਵਜੇ ਗ਼ਦਰ ਪਾਰਟੀ ਦਾ ਝੰਡਾ ਲਹਿਰਾਉਣ ਦੀ ਰਸਮ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਹਰਦੇਵ ਅਰਸ਼ੀ ਅਦਾ ਕਰਨਗੇ। ਇਸ ਦਿਨ ਹੀ ਪੇਸ਼ ਹੋਣ ਵਾਲੇ ਝੰਡੇ ਦੇ ਗੀਤ ਦੀ ਵਰਕਸ਼ਾਪ ਇਸ ਵਾਰ ਦੀਵਾਲੀ ਉਪਰੰਤ ਦੇਸ਼ ਭਗਤ ਯਾਦਗਾਰ ਹਾਲ ’ਚ ਲੱਗੇਗੀ।
ਦੇਸ਼ ਭਗਤ ਯਾਦਗਾਰ ਹਾਲ ਦੇ ਸਮੁੱਚੇ ਕੰਪਲੈਕਸ ਨੂੰ ਮੇਲੇ ਦੇ ਦਿਨਾਂ ਵਿੱਚ ਗ਼ਦਰ ਪਾਰਟੀ ਦੇ ਪਹਿਲੇ ਖਜ਼ਾਨਚੀ ‘ਕਾਂਸ਼ੀ ਰਾਮ ਮੜੌਲੀ ਨਗਰ’ ਦਾ ਨਾਂਅ ਦਿੱਤਾ ਜਾਏਗਾ। ਸ਼ਹੀਦ ਭਗਤ ਸਿੰਘ ਆਡੀਟੋਰੀਅਮ ਨੂੰ ਪਗੜੀ ਸੰਭਾਲ ਲਹਿਰ ਦੇ ਬਾਨੀ ‘ਅਜੀਤ ਸਿੰਘ ਮੰਚ’ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਮੰਚ ਨੂੰ ਫਾਸ਼ੀਵਾਦ ਖਿਲਾਫ਼ ਲੜਨ ਵਾਲੇ ਜੁਝਾਰੂਆਂ ਵਿੱਚ ਵਿਸ਼ਵ ਭਰ ਵਿੱਚ ਜਾਣੇ ਜਾਂਦੇ ਸੰਗਰਾਮੀਏ ‘ਜੂਲੀਅਸ ਫਿਊਚਕ ਪੁਸਤਕ ਪ੍ਰਦਰਸ਼ਨੀ ਮੰਚ’ ਦਾ ਨਾਂਅ ਦਿੱਤਾ ਜਾਏਗਾ। ‘ਜੂਲੀਅਸ ਫਿਊਚਕ ਪੁਸਤਕ ਪ੍ਰਦਰਸ਼ਨੀ ਮੰਚ’ ਵਿੱਚ ਹੀ ਮੇਲੇ ਦੇ ਪਹਿਲੇ ਦਿਨ 7 ਨਵੰਬਰ (ਸ਼ੁੱਕਰਵਾਰ) ਸ਼ਾਮ ਠੀਕ 4 ਵਜੇ ਰੂਸੀ ਕਰਾਂਤੀ ਦੇ ਦਿਹਾੜੇ ਨੂੰ ਸਿਜਦਾ ਕਰਦੇ ਹੋਏ ‘ਪੁਸਤਕ ਸੱਭਿਆਚਾਰ ਦੀ ਮਹੱਤਤਾ, ਅਮਿੱਟ ਦੇਣ ਅਤੇ ਸਾਡੇ ਸਮਿਆਂ ਦੀ ਲੋੜ’ ਵਿਸ਼ੇ ’ਤੇ ਚਰਚਾ ਹੋਏਗੀ। ਇਸ ਮੌਕੇ ਸਾਡੇ ਕੋਲੋਂ ਵਿਛੜੇ ਸੁਰਜੀਤ ਪਾਤਰ ਸਮੇਤ ਕਵੀਆਂ, ਲੇਖਕਾਂ ਨੂੰ ਯਾਦ ਕੀਤਾ ਜਾਏਗਾ।
8 ਨਵੰਬਰ (ਸਨਿੱਚਰਵਾਰ) ਸਵੇਰੇ ਕੁਇੱਜ਼, ਪੇਂਟਿੰਗ, ਗਾਇਨ ਅਤੇ ਭਾਸ਼ਣ ਮੁਕਾਬਲੇ ਵੱਖ-ਵੱਖ ਹਾਲਾਂ ਵਿੱਚ ਹੋਣਗੇ। ਕੁਇਜ਼ ਮੁਕਾਬਲਾ ਪੁਸਤਕ ‘ਕਿਰਤੀ ਵਾਰਤਕ : ਸ਼ਹੀਦੀ ਜੀਵਨੀਆਂ’ (ਸੰਪਾਦਕ: ਚਰੰਜੀ ਲਾਲ ਕੰਗਣੀਵਾਲ) ਉਪਰ ਹੋਏਗਾ। ਸ਼ਾਮ 4 ਵਜੇ ਕਵੀ ਦਰਬਾਰ ਤੇ ਫ਼ਿਲਮ ਸ਼ੋਅ ਹੋਏਗਾ।ਇਸ ਦਿਨ ਬਾਬਾ ਜਵਾਲਾ ਸਿੰਘ ਹਾਲ ਵਿੱਚ ਤਿੰਨ ਨਵੇਂ ਫੌਜਦਾਰੀ ਅਤੇ ਕਾਲ਼ੇ ਕਾਨੂੰਨਾਂ ਦੇ ਮਨਸ਼ੇ, ਮਾਰੂ ਪ੍ਰਭਾਵ ਅਤੇ ਇਹਨਾਂ ਖਿਲਾਫ਼ ਜਨਤਕ ਆਵਾਜ਼ ਸੰਬੰਧੀ ਵਿਚਾਰ-ਚਰਚਾ ਹੋਏਗੀ, ਜਿਸ ਵਿੱਚ ਉੱਘੇ ਵਿਦਵਾਨਾਂ ਨੂੰ ਬੁਲਾਵਾ ਭੇਜਿਆ ਜਾ ਰਿਹਾ ਹੈ।
ਮੇਲੇ ਦੇ ਸਿਖ਼ਰਲੇ ਦਿਨ ਏਸੇ ਹਾਲ ਵਿੱਚ ਖੇਤੀ ਸੰਕਟ, ਪਾਣੀ ਅਤੇ ਵਾਤਾਵਰਣ ਸੰਬੰਧੀ ਵਿਚਾਰ-ਚਰਚਾ ਹੋਏਗੀ।
ਮੀਟਿੰਗ ’ਚ ਇਹ ਫੈਸਲਾ ਵੀ ਕੀਤਾ ਗਿਆ ਕਿ ਮੇਲੇ ਦੀਆਂ ਤਿਆਰੀਆਂ, ਪ੍ਰਚਾਰ, ਲਾਮਬੰਦੀ ਦੇ ਕਾਰਜ ਨੂੰ ਮਹੱਤਤਾ ਦਿੰਦੇ ਹੋਏ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਕਿਰਤੀ-ਕਿਸਾਨਾਂ, ਵਿਦਿਆਰਥੀਆਂ, ਨੌਜਵਾਨਾਂ, ਬੇਰੁਜ਼ਗਾਰਾਂ, ਮੁਲਾਜ਼ਮਾਂ, ਲੇਖਕਾਂ, ਬੁੱਧੀਜੀਵੀਆਂ, ਤਰਕਸ਼ੀਲਾਂ, ਜਮਹੂਰੀ ਹਲਕਿਆਂ ਵਿੱਚ ਹੁਣ ਤੋਂ ਹੀ ਜ਼ੋਰਦਾਰ ਮੁਹਿੰਮ ਲਾਮਬੰਦ ਕੀਤੀ ਜਾਏਗੀ।
ਮੇਲੇ ’ਚ ਲੰਗਰ ਦੇ ਖਰਚੇ ਦੀ ਜ਼ਿੰਮੇਵਾਰੀ ਤਰਨ ਤਾਰਨ ਜ਼ਿਲ੍ਹੇ ਦੇ ਗ਼ਦਰੀ ਦੇਸ਼ ਭਗਤਾਂ ਦੇ ਨਗਰਾਂ ਅਤੇ ਕਮੇਟੀਆਂ ਨੇ ਆਪਣੇ ਸਿਰ ਲੈਂਦੇ ਹੋਏ ਖੁਸ਼ੀ ਅਤੇ ਮਾਣ ਮਹਿਸੂਸ ਕੀਤਾ ਹੈ।9 ਨਵੰਬਰ ਸਾਰਾ ਦਿਨ ਸਾਰੀ ਰਾਤ ਗੀਤ-ਸੰਗੀਤ, ਐਕਸ਼ਨ ਗੀਤ, ਵਿਚਾਰ-ਚਰਚਾ, ਨਾਟਕ ਨਿਰੰਤਰ ਜਾਰੀ ਰਹਿਣਗੇ। ਇਸ ਦਿਨ ਮੇਲੇ ਦੇ ਮੁੱਖ ਵਕਤਾ ਵਜੋਂ ਮੁਲਕ ਦੇ ਨਾਮਵਰ ਬੁੱਧੀਜੀਵੀਆਂ ਨੂੰ ਬੁਲਾਵਾ ਭੇਜਿਆ ਜਾ ਰਿਹਾ ਹੈ। ਇਉ ਮੇਲਾ 10 ਨਵੰਬਰ ਸਵੇਰੇ ਸਰਘੀ ਵੇਲੇ ਜੋਸ਼ੋ-ਖਰੋਸ਼ ਨਾਲ ਸੰਪੰਨ ਹੋਏਗਾ।ਮੀਟਿੰਗ ਦਾ ਆਗਾਜ਼ ਆਜ਼ਾਦੀ ਲਹਿਰ ਦੇ ਸ਼ਹੀਦ ਮਦਨ ਲਾਲ ਢੀਂਗਰਾ ਅਤੇ ਅਗਸਤ ਮਹੀਨੇ ਦੀਆਂ ਇਤਿਹਾਸਕ ਘਟਨਾਵਾਂ ਅਤੇ ਨਾਇਕਾਂ ਨੂੰ ਖੜ੍ਹੇ ਹੋ ਕੇ ਸਿਜਦਾ ਕਰਨ ਨਾਲ ਹੋਇਆ। ਇਸ ਮੌਕੇ ਬਲਾਤਕਾਰ ਉਪਰੰਤ ਮੌਤ ਦੇ ਘਾਟ ਉਤਾਰੀ ਗਈ ਕਲਕੱਤਾ ਦੀ ਡਾ. ਮੋਮਿਤਾ ਦੇਬਨਾਥ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ। ਮੇਲੇ ਵਿੱਚ ਮੁੱਖ ਤੌਰ ’ਤੇ ਕਮੇਟੀ ਦੇ ਮੀਤ ਪ੍ਰਧਾਨ ਕੁਲਵੰਤ ਸਿੰਘ ਸੰਧੂ, ਮੀਤ ਸਕੱਤਰ ਚਰੰਜੀ ਲਾਲ ਕੰਗਣੀਵਾਲ ਅਤੇ ਖਜ਼ਾਨਚੀ ਇੰਜੀਨੀਅਰ ਸੀਤਲ ਸਿੰਘ ਸੰਘਾ ਹਾਜ਼ਰ ਸਨ।




