16.2 C
Jalandhar
Monday, December 23, 2024
spot_img

ਮਾਨ ਨੇ ਅਧਿਆਪਕਾਂ ਦਾ ਪਹਿਲਾ ਬੈਚ ਫਿਨਲੈਂਡ ਲਈ ਕੀਤਾ ਰਵਾਨਾ

ਚੰਡੀਗੜ੍ਹ (ਗੁਰਜੀਤ ਬਿੱਲਾ/
ਕਿ੍ਰਸ਼ਨ ਗਰਗ)
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ੁੱਕਰਵਾਰ ਕਿਹਾ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਸਾਡੀ ਸਰਕਾਰ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰਦਿਆਂ ਅਧਿਆਪਕਾਂ, ਵਿਦਿਆਰਥੀਆਂ ਤੇ ਸਕੂਲਾਂ ਵਿੱਚ ਨਿਵੇਸ਼ ਕਰ ਰਹੀ ਹੈ।
ਫਿਨਲੈਂਡ ਵਿੱਚ ਸਿਖਲਾਈ ਲਈ ਜਾਣ ਵਾਲੇ ਅਧਿਆਪਕਾਂ ਦੇ ਪਹਿਲੇ ਬੈਚ ਨੂੰ ਰਵਾਨਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਦਾ ਦਿਨ ਪੰਜਾਬ ਦੇ ਸਿੱਖਿਆ ਢਾਂਚੇ ਵਿੱਚ ਇਕ ਅਹਿਮ ਮੀਲ ਪੱਥਰ ਹੈ, ਕਿਉਕਿ ਅੱਜ ਅਸੀਂ ਆਪਣੇ 72 ਪ੍ਰਾਇਮਰੀ ਅਧਿਆਪਕਾਂ ਨੂੰ ਪੇਸ਼ੇਵਰ ਸਿੱਖਿਆ ਲਈ ਫਿਨਲੈਂਡ ਦੇ ਸਫ਼ਰ ਵਾਸਤੇ ਰਵਾਨਾ ਕਰਨ ਆਏ ਹਾਂ। ਉਨ੍ਹਾ ਕਿਹਾ ਕਿ ਇਹ ਮਹਿਜ਼ ਨਵੇਂ ਮੁਲਕ ਦਾ ਸਫ਼ਰ ਹੀ ਨਹੀਂ, ਸਗੋਂ ਪੰਜਾਬ ਵਿੱਚ ਸਿੱਖਿਆ ਦੇ ਭਵਿੱਖੀ ਨਕਸ਼ ਘੜਨ ਦੀ ਦਿਸ਼ਾ ਵਿੱਚ ਨਵੀਆਂ ਅਧਿਆਪਨ ਤਕਨੀਕਾਂ, ਬਿਹਤਰੀਨ ਰਵਾਇਤਾਂ ਅਤੇ ਨਵੇਂ ਤਰੀਕਿਆਂ ਬਾਰੇ ਸਮਝਣ ਦਾ ਮੌਕਾ ਹੈ।
ਉਨ੍ਹਾ ਕਿਹਾ ਕਿ ਫਿਨਲੈਂਡ ਨੂੰ ਇਸ ਲਈ ਚੁਣਿਆ ਗਿਆ ਹੈ, ਕਿਉਕਿ ਆਪਣੇ ਸਭ ਤੋਂ ਪ੍ਰਭਾਵਸ਼ਾਲੀ ਸਿੱਖਿਆ ਢਾਂਚੇ ਲਈ ਇਹ ਮੁਲਕ ਦੁਨੀਆ ਭਰ ਵਿੱਚ ਮਕਬੂਲ ਹੈ। ਮਾਨ ਨੇ ਕਿਹਾ ਕਿ ਇਹ ਦੌਰਾ ਸਿਰਫ਼ ਪਾਠਕ੍ਰਮ ਤੱਕ ਸੀਮਤ ਨਹੀਂ, ਸਗੋਂ ਇਹ ਪੜ੍ਹਾਈ ਦੀ ਵਿਧੀ, ਫ਼ਲਸਫ਼ੇ ਅਤੇ ਸਿਰਜਣਾ ਤੇ ਨਵੀਨਤਾਕਾਰੀ ਨੂੰ ਉਤਸ਼ਾਹਤ ਕਰਨ ਦਾ ਸੱਭਿਆਚਾਰ ਪੈਦਾ ਕਰਨ ਲਈ ਹੈ।ਮੁੱਖ ਮੰਤਰੀ ਨੇ ਅਧਿਆਪਕਾਂ ਨੂੰ ਗਿਆਨ, ਸੂਝ-ਬੂਝ ਤੇ ਅਧਿਆਪਨ ਦੇ ਨਵੇਂ ਜਜ਼ਬੇ ਨਾਲ ਪਰਤਣ ਦੀ ਅਪੀਲ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਆਪਣੇ ਅਧਿਆਪਕਾਂ, ਆਪਣੇ ਵਿਦਿਆਰਥੀਆਂ ਤੇ ਆਪਣੇ ਸਕੂਲਾਂ ਵਿੱਚ ਨਿਵੇਸ਼ ਜਾਰੀ ਰੱਖੇਗੀ। ਸੂਬੇ ਤੇ ਦੇਸ਼ ਦੀ ਤਰੱਕੀ ਲਈ ਸਿੱਖਿਆ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਹੈ। ਸਾਰੇ ਅਧਿਆਪਕਾਂ ਨੂੰ ਸ਼ੁੱਭ ਕਾਮਨਾਵਾਂ ਦਿੰਦਿਆਂ ਉਹਨਾ ਉਮੀਦ ਜਤਾਈ ਕਿ ਫਿਨਲੈਂਡ ਵਿੱਚ ਹਾਸਲ ਇਹ ਤਜਰਬਾ ਅਧਿਆਪਕਾਂ ਦੀ ਸੋਚ ਨੂੰ ਨਵੀਂ ਉਡਾਰੀ ਦੇਵੇਗਾ ਅਤੇ ਇਸ ਨਾਲ ਪੰਜਾਬ ਦੀ ਸਿੱਖਿਆ ਕਹਾਣੀ ਵਿੱਚ ਨਵੇਂ ਅਧਿਆਏ ਦੀ ਸ਼ੁਰੂਆਤ ਹੋਵੇਗੀ।ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਮੁੱਖ ਮੰਤਰੀ ਤੇ ਹੋਰ ਸ਼ਖ਼ਸੀਅਤਾਂ ਦਾ ਸਵਾਗਤ ਕੀਤਾ।

Related Articles

Latest Articles