ਨਸ਼ਿਆਂ ਵਿਰੁੱਧ ਜੰਗ ’ਚ ਖਿਡਾਰੀਆਂ ਨੂੰ ਬ੍ਰਾਂਡ ਅੰਬੈਸਡਰ ਬਣਾਉਣ ਦਾ ਐਲਾਨ

0
136

ਚੰਡੀਗੜ੍ਹ (ਗੁਰਜੀਤ ਬਿੱਲਾ)
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੈਰਿਸ ਉਲੰਪਿਕ ਵਿੱਚ ਕਾਂਸੀ ਦਾ ਤਮਗਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਮੈਂਬਰ ਰਹੇ ਪੰਜਾਬੀ ਖਿਡਾਰੀਆਂ ਨੂੰ ਐਤਵਾਰ ਇਕ-ਇਕ ਕਰੋੜ ਰੁਪਏ ਦੇ ਨਕਦ ਇਨਾਮ ਨਾਲ ਸਨਮਾਨਤ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਇਕ ਇਤਿਹਾਸਕ ਮੌਕਾ ਹੈ, ਕਿਉਕਿ ਸੂਬੇ ਅਤੇ ਦੇਸ਼ ਦਾ ਨਾਂਅ ਰੌਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨਤ ਕੀਤਾ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਇਨ੍ਹਾਂ ਹਾਕੀ ਖਿਡਾਰੀਆਂ ਦੀ ਇਹ ਸ਼ਾਨਦਾਰ ਜਿੱਤ ਪੂਰੇ ਦੇਸ਼ ਲਈ ਬਹੁਤ ਮਾਣ ਅਤੇ ਸੰਤੁਸ਼ਟੀ ਵਾਲੀ ਗੱਲ ਹੈ। ਉਹਨਾ ਕਿਹਾ ਕਿ ਉਨ੍ਹਾ ਟੀਮ ਦਾ ਹਰ ਮੈਚ ਨਿੱਜੀ ਤੌਰ ’ਤੇ ਦੇਖਿਆ ਹੈ ਅਤੇ ਇਨ੍ਹਾਂ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ’ਤੇ ਸਾਰਿਆਂ ਨੇ ਮਾਣ ਮਹਿਸੂਸ ਕੀਤਾ ਹੈ।
ਉਹਨਾ ਕਿਹਾ ਕਿ 52 ਸਾਲਾਂ ਦੇ ਵਕਫ਼ੇ ਤੋਂ ਬਾਅਦ ਭਾਰਤੀ ਟੀਮ ਵੱਲੋਂ ਆਸਟਰੇਲੀਆ ਨੂੰ ਹਰਾਉਣ ’ਤੇ ਬਹੁਤ ਖ਼ੁਸ਼ੀ ਹੋਈ ਅਤੇ ਸਪੇਨ, ਇੰਗਲੈਂਡ ਅਤੇ ਹੋਰ ਟੀਮਾਂ ਵਿਰੁੱਧ ਮੈਚ ਵੀ ਸ਼ਾਨਦਾਰ ਸਨ। ਟੀਮ ਵੱਲੋਂ ਤਮਗਾ ਜਿੱਤਣਾ ਹਰ ਦੇਸ਼ ਵਾਸੀ ਲਈ ਸੁਪਨੇ ਦੇ ਸਾਕਾਰ ਹੋਣ ਵਰਗਾ ਹੈ ਅਤੇ ਸਭ ਤੋਂ ਚੰਗੀ ਗੱਲ ਇਹ ਹੈ ਕਿ ਕਪਤਾਨ ਹਰਮਨਪ੍ਰੀਤ ਨੇ ਅੱਗੇ ਵਧ ਕੇ ਟੀਮ ਦੀ ਅਗਵਾਈ ਕੀਤੀ, ਜਿਸ ਨਾਲ ਟੀਮ ਜਿੱਤ ਵੱਲ ਸੇਧਿਤ ਹੋਈ। ਮਾਨ ਨੇ ਕਿਹਾ ਕਿ ਇਹ ਲੀਡਰਸ਼ਿਪ ਕਾਬਲੀਅਤ ਬੇਮਿਸਾਲ ਸੀ, ਜਿਸ ਕਾਰਨ ਟੀਮ ਨੇ ਪੈਰਿਸ ਉਲੰਪਿਕ ਵਿੱਚ ਕਾਂਸੀ ਦਾ ਤਮਗਾ ਜਿੱਤਿਆ।
ਮੁੱਖ ਮੰਤਰੀ ਨੇ ਕਿਹਾ ਕਿ ਹਰਮਨਪ੍ਰੀਤ ਇਕੱਲੇ ਨੇ 10 ਗੋਲ ਕੀਤੇ ਹਨ ਅਤੇ ਉਨ੍ਹਾ ਨੂੰ ਖ਼ੁਸ਼ੀ ਹੈ ਕਿ ਸੂਬਾ ਸਰਕਾਰ ਅੱਜ ਇਨ੍ਹਾਂ ਹੀਰਿਆਂ ਨੂੰ ਸਨਮਾਨਤ ਕਰ ਰਹੀ ਹੈ। ਅੱਜ ਪੂਰਾ ਦੇਸ਼ ਇਨ੍ਹਾਂ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦੇ ਰਿਹਾ ਹੈ ਅਤੇ ਉਨ੍ਹਾਂ ਦੇ ਕੀਰਤੀਮਾਨ ਦੀ ਸ਼ਲਾਘਾ ਹੋ ਰਹੀ ਹੈ। ਭਾਰਤੀ ਹਾਕੀ ਸੁਰਜੀਤੀ ਦੇ ਰਾਹ ’ਤੇ ਹੈ ਅਤੇ ਪੰਜਾਬ ਨਵੰਬਰ ਮਹੀਨੇ ਵਿੱਚ ਹਾਕੀ ਦੀਆਂ ਚਾਰ ਵਿਸ਼ਵ ਪੱਧਰੀ ਟੀਮਾਂ ਵਿਚਕਾਰ ਲੀਗ ਟੂਰਨਾਮੈਂਟ ਕਰਵਾਉਣ ਲਈ ਵਿਚਾਰ ਕਰ ਰਿਹਾ ਹੈ।ਉਹਨਾ ਕਿਹਾ ਕਿ ਤਮਗਾ ਜੇਤੂ ਖਿਡਾਰੀਆਂ ਨੂੰ ਨਗਦ ਇਨਾਮ ਅਤੇ ਨੌਕਰੀਆਂ ਦੇਣ ਤੋਂ ਇਲਾਵਾ ਸੂਬਾ ਸਰਕਾਰ ਉਨ੍ਹਾਂ ਨੂੰ ਪਹਿਲਾਂ ਹੀ ਦਿੱਤੀਆਂ ਜਾ ਚੁੱਕੀਆਂ ਨੌਕਰੀਆਂ ਵਿੱਚ ਤਰੱਕੀਆਂ ਦੇਣ ਦੀ ਸੰਭਾਵਨਾ ਵੀ ਤਲਾਸ਼ੇਗੀ। ਇਕ ਵਿਲੱਖਣ ਭੂਮਿਕਾ ਨਿਭਾਉਦੇ ਹੋਏ ਭਗਵੰਤ ਸਿੰਘ ਮਾਨ ਨੇ ਉਲੰਪਿਕ ਮੈਚਾਂ ਦੌਰਾਨ ਮੈਦਾਨ ਵਿੱਚ ਉਨ੍ਹਾਂ ਦੇ ਤਜਰਬਿਆਂ ਬਾਰੇ ਖਿਡਾਰੀਆਂ ਨਾਲ ਸਵਾਲ-ਜਵਾਬ ਵੀ ਕੀਤੇ। ਹਰਮਨਪ੍ਰੀਤ ਸਿੰਘ, ਜਰਮਨਪ੍ਰੀਤ ਸਿੰਘ ਅਤੇ ਹੋਰਨਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਮੈਚਾਂ ਦੌਰਾਨ ਖਿਡਾਰੀਆਂ ਵੱਲੋਂ ਦਿਖਾਈ ਗਈ ਸ਼ਾਨਦਾਰ ਖੇਡ ਭਾਵਨਾ ਦੀ ਸ਼ਲਾਘਾ ਕੀਤੀ, ਜਿਸ ਸਦਕਾ ਟੀਮ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ।ਮਾਨ ਨੇ ਕਿਹਾ ਕਿ ਭਾਰਤੀ ਹਾਕੀ ਟੀਮ ਦੀ ਇਤਿਹਾਸਕ ਪ੍ਰਾਪਤੀ ਨੂੰ ਬਿਆਨ ਕਰਨ ਲਈ ਸ਼ਬਦ ਵੀ ਥੋੜ੍ਹੇ ਪੈ ਜਾਂਦੇ ਹਨ। ਉਨ੍ਹਾ ਟੀਮ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਨ੍ਹਾਂ ਖਿਡਾਰੀਆਂ ਨੂੰ ਨਸ਼ਿਆਂ ਦੀ ਅਲਾਮਤ ਵਿਰੁੱਧ ਸੂਬੇ ਦੀ ਮੁਹਿੰਮ ਲਈ ਬ੍ਰਾਂਡ ਅੰਬੈਸਡਰ ਬਣਾਇਆ ਜਾਵੇਗਾ, ਤਾਂ ਕਿ ਸਾਡੇ ਨੌਜਵਾਨਾਂ ਨੂੰ ਪ੍ਰੇਰਨਾ ਮਿਲ ਸਕੇ।ਹਰਮਨਪ੍ਰੀਤ ਸਿੰਘ ਨੇ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਅਨੁਕੂਲ ਮਾਹੌਲ ਮੁਹੱਈਆ ਕਰਵਾਉਣ ਲਈ ਮੁੱਖ ਮੰਤਰੀ ਦੀ ਸ਼ਲਾਘਾ ਕੀਤੀ।ਮਨਦੀਪ ਸਿੰਘ ਨੇ ਵੀ ਸੂਬੇ ਵਿੱਚ ਖੇਡਾਂ ਨੂੰ ਹੁਲਾਰਾ ਦੇਣ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾ ਮੁੱਖ ਮੰਤਰੀ ਨਾਲ ਵਾਅਦਾ ਵੀ ਕੀਤਾ ਕਿ ਅਗਲੀ ਵਾਰ ਉਲੰਪਿਕ ਵਿੱਚ ਤਮਗੇ ਦਾ ਰੰਗ ਬਦਲੇਗਾ। ਮੁੱਖ ਮੰਤਰੀ ਨੇ ਅੱਠ ਹਾਕੀ ਖਿਡਾਰੀਆਂ ਨੂੰ ਇੱਕ-ਇਕ ਕਰੋੜ ਰੁਪਏ ਅਤੇ ਉਲੰਪਿਕ ਖੇਡਾਂ ਵਿੱਚ ਭਾਗ ਲੈਣ ਵਾਲੇ 11 ਹੋਰ ਖਿਡਾਰੀਆਂ ਨੂੰ 15-15 ਲੱਖ ਰੁਪਏ ਦੇ ਚੈੱਕ ਦਿੱਤੇ।

LEAVE A REPLY

Please enter your comment!
Please enter your name here