ਨਵੀਂ ਦਿੱਲੀ : ਅਦਾਕਾਰਾ ਸ਼ਰਧਾ ਕਪੂਰ ਦੇ ਇੰਸਟਾਗ੍ਰਾਮ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲੋਂ ਵੱਧ ਫਾਲੋਅਰ ਹੋ ਗਏ ਹਨ। ਉਸ ਦੇ ਫਾਲੋਅਰ ਫਿਲਮ ‘ਇਸਤਰੀ 2’ ਤੋਂ ਬਾਅਦ ਕਾਫੀ ਵਧੇ ਹਨ। ਇਹ ਫਿਲਮ 15 ਅਗਸਤ ਨੂੰ ਰਿਲੀਜ਼ ਹੋਈ ਸੀ ਤੇ ਹੁਣ ਤੱਕ 250 ਕਰੋੜ ਰੁਪਏ ਦਾ ਬਿਜ਼ਨੈੱਸ ਕਰ ਚੁੱਕੀ ਹੈ। ਬੁੱਧਵਾਰ ਉਸ ਦੇ ਫਾਲੋਅਰਾਂ ਦੀ ਗਿਣਤੀ 9 ਕਰੋੜ 14 ਲੱਖ ਸੀ, ਜਦਕਿ ਮੋਦੀ ਦੇ ਫਾਲੋਅਰ 9 ਕਰੋੜ 13 ਲੱਖ ਸਨ। ਆਲੀਆ ਭੱਟ ਦੇ 8 ਕਰੋੜ 51 ਲੱਖ, ਕੈਟਰੀਨਾ ਕੈਫ ਦੇ 8 ਕਰੋੜ 4 ਲੱਖ ਤੇ ਦੀਪਿਕਾ ਪਾਦੁਕੋਣ ਦੇ 7 ਕਰੋੜ 98 ਲੱਖ ਫਾਲੋਅਰ ਸਨ।
ਸ਼ਰਧਾ ਹੁਣ ਸਭ ਤੋਂ ਵੱਧ ਫਾਲੋਅਰ ਵਾਲੇ ਭਾਰਤੀਆਂ ਵਿਚ ਤੀਜੇ ਨੰਬਰ ’ਤੇ ਆ ਗਈ ਹੈ। ਵਿਰਾਟ ਕੋਹਲੀ ਦੇ 27 ਕਰੋੜ 10 ਲੱਖ ਤੇ ਪਿ੍ਰਅੰਕਾ ਚੋਪੜਾ ਦੇ 9 ਕਰੋੜ 18 ਲੱਖ ਫਾਲੋਅਰ ਹਨ। ਤਾਂ ਵੀ, ਮੋਦੀ ਦੇ ਐਕਸ (ਸਾਬਕਾ ਟਵਿੱਟਰ) ਉੱਤੇ 10 ਕਰੋੜ 12 ਲੱਖ ਫਾਲੋਅਰ ਹਨ। ਸ਼ਰਧਾ ਇਸ ਮਾਮਲੇ ਵਿਚ ਇਕ ਕਰੋੜ 42 ਲੱਖ ਨਾਲ ਕਾਫੀ ਪਿੱਛੇ ਹੈ।
ਦੁਨੀਆ ਵਿਚ ਅਗਸਤ ’ਚ ਇੰਸਟਾਗ੍ਰਾਮ ’ਤੇ ਸਭ ਤੋਂ ਵੱਧ ਫਾਲੋਅਰ ਵਾਲੀਆਂ ਹੀਰੋਇਨਾਂ ਵਿਚ ਪਹਿਲੇ ਨੰਬਰ ’ਤੇ ਸੇਲੇਨਾ ਗੋਮੇਜ਼ ਹੈ, ਜਿਸ ਦੇ ਸਾਢੇ 42 ਕਰੋੜ ਫਾਲੋਅਰ ਹਨ। ਕਾਈਲੀ ਜੇਨਰ ਦੇ 39 ਕਰੋੜ 80 ਲੱਖ, ਕਿਮ ਕਾਰਦਾਸ਼ੀਆਂ ਦੇ 36 ਕਰੋੜ 10 ਲੱਖ, ਅਰੀਅਨਾ ਗਰੈਂਡੇ ਦੇ 37 ਕਰੋੜ 70 ਲੱਖ ਤੇ ਪਿ੍ਰਅੰਕਾ ਚੋਪੜਾ 9 ਕਰੋੜ 18 ਲੱਖ ਫਾਲੋਅਰ ਹਨ।





