ਮਈ 2016 ਵਿਚ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਨੇ ਪੇਂਡੂ ਤੇ ਵਿਰਵੇ ਪਰਵਾਰਾਂ ਦੀਆਂ ਮਹਿਲਾਵਾਂ ਨੂੰ ਲੱਕੜੀ, ਕੋਲੇ ਤੇ ਪਾਥੀਆਂ ਵਰਗੇ ਰਵਾਇਤੀ ਈਾਧਨ ਦੇ ਧੂੰਏਾ ਤੋਂ ਬਚਾਉਣ ਲਈ ਐੱਲ ਪੀ ਜੀ ਵਰਗਾ ਖਾਣਾ ਪਕਾਉਣ ਦਾ ਸਵੱਛ ਈਾਧਨ ਮੁਹੱਈਆ ਕਰਾਉਣ ਦੇ ਉਦੇਸ਼ ਨਾਲ ‘ਪ੍ਰਧਾਨ ਮੰਤਰੀ ਉਜਵਲਾ ਯੋਜਨਾ’ ਦੀ ਸ਼ੁਰੂਆਤ ਕੀਤੀ ਸੀ | ਇਸ ਤਹਿਤ ਕਾਫੀ ਸਬਸਿਡੀ ‘ਤੇ ਸਿਲੰਡਰ ਦਿੱਤਾ ਜਾਂਦਾ ਹੈ | ਇਹ ਯੋਜਨਾ ਕਿੰਨੀ ਕੁ ਸਫਲ ਰਹੀ ਹੈ, ਇਸ ਦਾ ਪਤਾ ਪੈਟਰੋਲੀਅਮ ਤੇ ਕੁਦਰਤੀ ਗੈਸ ਰਾਜ ਮੰਤਰੀ ਰਾਮੇਸ਼ਵਰ ਤੇਲੀ ਵੱਲੋਂ ਬੀਤੇ ਦਿਨੀਂ ਇਕ ਸਵਾਲ ਦੇ ਦਿੱਤੇ ਗਏ ਲਿਖਤੀ ਜਵਾਬ ਤੋਂ ਲੱਗ ਜਾਂਦਾ ਹੈ | ਰਾਜ ਸਭਾ ਵਿਚ ਕਾਂਗਰਸ ਦੇ ਆਗੂ ਮਲਿਕਾਰਜੁਨ ਖੜਗੇ ਨੇ ਅਜਿਹੇ ਲਾਭਪਾਤਰੀਆਂ ਦਾ ਵੇਰਵਾ ਮੰਗਿਆ ਸੀ, ਜਿਨ੍ਹਾਂ ਪਿਛਲੇ ਪੰਜ ਸਾਲਾਂ ਵਿਚ ਇਕ ਵਾਰ ਵੀ ਸਿਲੰਡਰ ਦੁਬਾਰਾ ਨਹੀਂ ਭਰਵਾਇਆ | ਤੇਲੀ ਨੇ ਦੱਸਿਆ ਕਿ 2018-19 ਦੌਰਾਨ 1 ਕਰੋੜ 24 ਲੱਖ, 2019-20 ਦੌਰਾਨ 1 ਕਰੋੜ 41 ਲੱਖ, 2020-21 ਦੌਰਾਨ 10 ਲੱਖ ਤੇ 2021-22 ਦੌਰਾਨ 92 ਲੱਖ ਲਾਭਪਾਤਰੀਆਂ ਨੇ ਇਕ ਵਾਰ ਵੀ ਸਿਲੰਡਰ ਦੁਬਾਰਾ ਨਹੀਂ ਭਰਵਾਇਆ | 2018-19 ਦੌਰਾਨ 2 ਕਰੋੜ 90 ਲੱਖ, 2019-20 ਵਿਚ ਇਕ ਕਰੋੜ 83 ਲੱਖ, 2020-21 ਦੌਰਾਨ 67 ਲੱਖ ਤੇ 2021-22 ਦੌਰਾਨ 1 ਕਰੋੜ 8 ਲੱਖ ਲਾਭਪਾਤਰੀਆਂ ਨੇ ਸਿਰਫ ਇਕ ਵਾਰ ਸਿਲੰਡਰ ਦੁਬਾਰਾ ਭਰਵਾਇਆ | ਮੰਤਰੀ ਨੇ ਇਹ ਵੀ ਦੱਸਿਆ ਕਿ ਵਿੱਤੀ ਸਾਲ 2021-22 ਦੌਰਾਨ ਕੁਲ 30 ਕਰੋੜ 53 ਲੱਖ ਘਰੇਲੂ ਗਾਹਕਾਂ ਵਿੱਚੋਂ 2 ਕਰੋੜ 11 ਲੱਖ ਨੇ ਸਿਲੰਡਰ ਦੁਬਾਰਾ ਨਹੀਂ ਭਰਵਾਇਆ, ਜਦਕਿ 2 ਕਰੋੜ 91 ਲੱਖ ਨੇ ਸਿਰਫ ਇਕ ਵਾਰ ਦੁਬਾਰਾ ਭਰਵਾਇਆ | ਮੰਤਰੀ ਮੁਤਾਬਕ ਰਸੋਈ ਗੈਸ ਦੀ ਖਪਤ ਖਾਣ ਦੀਆਂ ਆਦਤਾਂ, ਪਰਵਾਰਾਂ ਦੇ ਆਕਾਰ, ਖਾਣਾ ਬਣਾਉਣ ਦੀਆਂ ਆਦਤਾਂ, ਕੀਮਤਾਂ ਤੇ ਬਦਲਵੇਂ ਈਾਧਨਾਂ ਦੀ ਉਪਲੱਬਧਤਾ ਉਤੇ ਨਿਰਭਰ ਕਰਦੀ ਹੈ |
ਇਕ ਵਾਰੀ ਸਿਲੰਡਰ ਭਰਵਾਉਣ ਤੋਂ ਇਹੀ ਲੱਗਦਾ ਹੈ ਕਿ ਲਾਭਪਾਤਰੀਆਂ ਨੇ ਖੁਸ਼ੀ-ਗਮੀ ਵਰਗੇ ਮੌਕਿਆਂ ‘ਤੇ ਹੀ ਸਿਲੰਡਰ ਭਰਵਾਇਆ ਹੋਵੇਗਾ | ਯੋਜਨਾ ਦੀ ਨਾਕਾਮੀ ਦਾ ਸਭ ਤੋਂ ਵੱਡਾ ਕਾਰਨ ਸਬਸਿਡੀ ਦਾ ਸਮੇਂ ਸਿਰ ਨਾ ਮਿਲਣਾ ਹੈ | ਨਿਯਮ ਮੁਤਾਬਕ 4-5 ਦਿਨ ਵਿਚ ਸਬਸਿਡੀ ਦੇ ਪੈਸੇ ਟਰਾਂਸਫਰ ਹੋਣੇ ਚਾਹੀਦੇ ਹਨ, ਪਰ ਕਈ ਦਿਨਾਂ ਬਾਅਦ ਹੁੰਦੇ ਹਨ | ਗਰੀਬ ਪਰਵਾਰਾਂ ਕੋਲ ਪੂਰੀ ਕੀਮਤ ਦੇਣ ਜੋਗੇ ਪੈਸੇ ਨਹੀਂ ਹੁੰਦੇ | ਸ਼ਿਕਾਇਤ ਕਰਨ ‘ਤੇ ਕੰਪਨੀਆਂ ਕਹਿ ਦਿੰਦੀਆਂ ਹਨ ਕਿ ਉਨ੍ਹਾਂ ਸਬਸਿਡੀ ਟਰਾਂਸਫਰ ਕਰ ਦਿੱਤੀ ਹੈ, ਜਦਕਿ ਬੈਂਕ ਵਿਚ ਪਹੁੰਚਦੀ ਨਹੀਂ | ਲੋਕ ਡਿਸਟ੍ਰੀਬਿਊਟਰਾਂ ਦੇ ਚੱਕਰ ਲਾਉਂਦੇ ਰਹਿ ਜਾਂਦੇ ਹਨ | ਉਂਜ ਭਾਵੇਂ ਮੋਦੀ ਸਰਕਾਰ ਉਜਵਲਾ ਯੋਜਨਾ ਨੂੰ ਗਰੀਬ ਮਹਿਲਾਵਾਂ ਲਈ ਮੁਫਤ ਦੀ ਯੋਜਨਾ ਦੱਸਦੀ ਹੈ ਪਰ ਅਸਲ ਵਿਚ ਇਸ ਯੋਜਨਾ ਤਹਿਤ ਮਿਲਦਾ ਗੈਸ ਸਿਲੰਡਰ ਤੇ ਚੁੱਲ੍ਹਾ ਮੁਫਤ ਨਹੀਂ ਹੁੰਦਾ | ਲਾਭਪਾਤਰੀ ਨੂੰ ਕੁਨੈਕਸ਼ਨ ਲੈਂਦਿਆਂ ਹੀ 1750 ਰੁਪਏ ਚੁਕਾਉਣੇ ਪੈਂਦੇ ਹਨ | ਇਨ੍ਹਾਂ ਵਿੱਚੋਂ 990 ਰੁਪਏ ਚੁੱਲ੍ਹੇ ਦੇ ਹੁੰਦੇ ਹਨ ਤੇ 760 ਰੁਪਏ ਦਾ ਪਹਿਲਾ ਸਿਲੰਡਰ ਹੁੰਦਾ ਹੈ | ਸਰਕਾਰ ਪਹਿਲੇ 6 ਸਿਲੰਡਰਾਂ ਦੀ ਰੀਫਿਲਿੰਗ ‘ਤੇ ਮਿਲਣ ਵਾਲੀ ਸਬਸਿਡੀ ਖੁਦ ਰੱਖ ਲੈਂਦੀ ਹੈ | ਇਸ ਤਰ੍ਹਾਂ ਉਹ 1600 ਰੁਪਏ ਲੈ ਜਾਂਦੀ ਹੈ | ਸਰਕਾਰ ਸਿਰਫ 150 ਰੁਪਏ ਦਾ ਰੈਗੂਲੇਟਰ ਮੁਫਤ ਦਿੰਦੀ ਹੈ | ਚੁੱਲ੍ਹਾ ਵੀ ਪਿੱਤਲ ਦੇ ਬਰਨਰ ਦੀ ਥਾਂ ਲੋਹੇ ਦੇ ਬਰਨਰ ਵਾਲਾ ਦਿੰਦੀ ਹੈ | ਗੈਸ ਪਾਈਪ ਵੀ ਛੋਟਾ ਦਿੰਦੀ ਹੈ | ਉਜਵਲਾ ਯੋਜਨਾ ਦਾ ਫਾਇਦਾ ਗਰੀਬ ਮਹਿਲਾਵਾਂ ਦੀ ਥਾਂ ਭਾਜਪਾ ਨੂੰ ਹੀ ਹੋਇਆ ਹੈ, ਜਿਸ ਨੇ ਇਸ ਦਾ ਪ੍ਰਚਾਰ ਕਰਕੇ ਕੇਂਦਰ ਵਿਚ ਦੂਜੀ ਵਾਰ ਸੱਤਾ ਹਾਸਲ ਕਰ ਲਈ | ਗਰੀਬ ਮਹਿਲਾਵਾਂ ਅਜੇ ਵੀ ਧੂੰਏਾ ‘ਚ ਹੀ ਸਾਹ ਲੈ ਰਹੀਆਂ ਹਨ |