ਨਵੀਂ ਦਿੱਲੀ : ਦਿੱਲੀ ਦੇ ਐੱਲ ਜੀ ਵਿਜੈ ਕੁਮਾਰ ਸਕਸੈਨਾ ਨੇ ਸ਼ਨੀਵਾਰ ਤਤਕਾਲੀਨ ਐਕਸਾਈਜ਼ ਕਮਿਸ਼ਨਰ ਸਮੇਤ ਕਈ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ |
ਇਹ ਕਾਰਵਾਈ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਪ੍ਰੈੱਸ ਕਾਨਫਰੰਸ ਤੋਂ ਬਾਅਦ ਸਾਹਮਣੇ ਆਈ | ਦਿੱਲੀ ਦੇ ਉਪ ਰਾਜਪਾਲ ਨੇ ਸਾਬਕਾ ਆਬਕਾਰੀ ਕਮਿਸ਼ਨਰ ਆਰਵ ਗੋਪੀ ਕਿ੍ਸ਼ਨਾ ਅਤੇ ਡਿਪਟੀ ਆਬਕਾਰੀ ਕਮਿਸ਼ਨਰ ਆਨੰਦ ਕੁਮਾਰ ਤਿਵਾੜੀ ਸਮੇਤ ਦਿੱਲੀ ਦੇ 11 ਅਧਿਕਾਰੀਆਂ ਨੂੰ ਆਬਕਾਰੀ ਨੀਤੀ ਨੂੰ ਲਾਗੂ ਕਰਨ ਵਿੱਚ ਕਮੀਆਂ ਦਾ ਹਵਾਲਾ ਦਿੰਦੇ ਹੋਏ ਮੁਅੱਤਲ ਕਰ ਦਿੱਤਾ | ਐੱਲ ਜੀ ਦਫ਼ਤਰ ਦੇ ਸੂਤਰਾਂ ਮੁਤਾਬਕ ਉਪ ਰਾਜਪਾਲ ਨੇ ਇਹ ਫੈਸਲਾ ਆਬਕਾਰੀ ਨੀਤੀ ਨੂੰ ਲਾਗੂ ਕਰਨ ‘ਚ ਸਬੰਧਤ ਅਧਿਕਾਰੀਆਂ ਦੀ ਕਥਿਤ ਕੁਤਾਹੀ ਦੇ ਮੱਦੇਨਜ਼ਰ ਲਿਆ, ਜਿਸ ‘ਚ ਟੈਂਡਰ ਨੂੰ ਅੰਤਮ ਰੂਪ ਦੇਣ ‘ਚ ਕਮੀਆਂ ਅਤੇ ਚੋਣਵੇਂ ਵਿਕਰੇਤਾਵਾਂ ਨੂੰ ਪੋਸਟ ਟੈਂਡਰ ਲਾਭ ਪ੍ਰਦਾਨ ਕਰਨਾ ਸ਼ਾਮਲ ਹੈ | ਜ਼ਿਕਰਯੋਗ ਹੈ ਕਿ ਦਿੱਲੀ ਦੀ ਨਵੀਂ ਆਬਕਾਰੀ ਨੀਤੀ ਨੂੰ ਲੈ ਕੇ ਚੱਲ ਰਹੇ ਵਿਵਾਦ ਨੇ ਉਸ ਸਮੇਂ ਨਵਾਂ ਮੋੜ ਲੈ ਲਿਆ, ਜਦੋਂ ਉਪ ਰਾਜਪਾਲ ਵੀ ਕੇ ਸਕਸੈਨਾ ਨੇ ਹਾਲ ਹੀ ‘ਚ ਦਿੱਲੀ ਆਬਕਾਰੀ ਨੀਤੀ 2021-22 ਦੇ ਨਿਰਮਾਣ ‘ਚ ਕਥਿਤ ਬੇਨਿਯਮੀਆਂ ਅਤੇ ਇਸ ਦੀ ਭੂਮਿਕਾ ‘ਤੇ ਮੁੱਖ ਸਕੱਤਰ ਨੂੰ ਰਿਪੋਰਟ ਸੌਂਪੀ ਤੇ ਲਾਗੂ ਕਰਨ ਵਾਲੇ ਅਧਿਕਾਰੀਆਂ ਨੂੰ ਸੌਂਪਣ ਦੇ ਨਿਰਦੇਸ਼ ਦਿੱਤੇ ਹਨ |