ਲੁਸਾਨ : ਜੈਵਲਿਨ ਥਰੋਅ ਦਾ ਸਟਾਰ ਨੀਰਜ ਚੋਪੜਾ ਇੱਥੇ ਡਾਇਮੰਡ ਲੀਗ ਐਥਲੈਟਿਕਸ ’ਚ 89.49 ਮੀਟਰ ਥਰੋਅ ਕਰਕੇ ਦੂਜੇ ਸਥਾਨ ’ਤੇ ਰਿਹਾ। ਪੈਰਿਸ ਉਲੰਪਿਕ ’ਚ ਚਾਂਦੀ ਦਾ ਤਮਗਾ ਜਿੱਤਣ ਵਾਲਾ 26 ਸਾਲਾ ਨੀਰਜ ਚੌਥੇ ਦੌਰ ਤੱਕ ਚੌਥੇ ਸਥਾਨ ’ਤੇ ਚੱਲ ਰਿਹਾ ਸੀ। ਉਸ ਨੇ ਪੰਜਵੀਂ ਕੋਸ਼ਿਸ਼ ’ਚ 85.58 ਮੀਟਰ ਜੈਵਲਿਨ ਸੁੱਟਿਆ। ਆਖਰੀ ਕੋਸ਼ਿਸ਼ ’ਚ 89.49 ਮੀਟਰ ਜੈਵਲਿਨ ਸੁੱਟਿਆ, ਜੋ ਪੈਰਿਸ ਉਲੰਪਿਕ ਦੇ 89.45 ਮੀਟਰ ਤੋਂ ਥੋੜ੍ਹਾ ਬਿਹਤਰ ਹੈ। ਨੀਰਜ ਨੂੰ ਛੇਵੀਂ ਕੋਸ਼ਿਸ਼ ਤੋਂ ਪਹਿਲਾਂ ਹੀ ਬਾਹਰ ਹੋਣ ਦਾ ਖਤਰਾ ਸੀ, ਪਰ ਪੰਜਵੀਂ ਕੋਸ਼ਿਸ਼ ’ਚ ਬਿਹਤਰ ਪ੍ਰਦਰਸ਼ਨ ਕਾਰਨ ਉਹ ਮੁਕਾਬਲੇ ’ਚ ਰਿਹਾ। ਸਿਰਫ ਪਹਿਲੀਆਂ ਪੰਜ ਕੋਸ਼ਿਸ਼ਾਂ ’ਚ ਸਿਖਰਲੇ ਤਿੰਨ ਖਿਡਾਰੀਆਂ ਨੂੰ ਅੰਤਮ ਕੋਸ਼ਿਸ਼ ’ਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਦੋ ਵਾਰ ਦਾ ਵਿਸ਼ਵ ਚੈਂਪੀਅਨ ਅਤੇ ਪੈਰਿਸ ਉਲੰਪਿਕ ਦਾ ਕਾਂਸੀ ਤਮਗਾ ਜੇਤੂ ਗ੍ਰੇਨਾਡਾ ਦਾ ਐਂਡਰਸਨ ਪੀਟਰਸ 90.61 ਮੀਟਰ ਦੀ ਕੋਸ਼ਿਸ਼ ਨਾਲ ਪਹਿਲੇ ਤੇ ਜਰਮਨੀ ਦਾ ਜੂਲੀਅਨ ਵੈਬਰ 87.08 ਮੀਟਰ ਨਾਲ ਤੀਜੇ ਸਥਾਨ ’ਤੇ ਰਿਹਾ।