ਨਵੀਂ ਦਿੱਲੀ : ਦਿੱਲੀ ਦੀ ਸ਼ਰਾਬ ਪਾਲਸੀ ਨੂੰ ਲੈ ਕੇ ‘ਆਪ’ ਬਨਾਮ ਕੇਂਦਰ ਸਰਕਾਰ ‘ਚ ਜੰਗ ਜਾਰੀ ਹੈ | ਨਵੀਂ ਸ਼ਰਾਬ ਨੀਤੀ ਨੂੰ ਲੈ ਕੇ ਮਨੀਸ਼ ਸਿਸੋਦੀਆ ਸਾਬਕਾ ਅੱੈਲ ਜੀ ਨੂੰ ਘੇਰਦੇ ਨਜ਼ਰ ਆਏ | ਉਨ੍ਹਾ ਇੱਕ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਦਿੱਲੀ ਦੀ ਨਵੀਂ ਐਕਸਾਈਜ਼ ਪਾਲਸੀ 2021-22 ਨੂੰ ਠੀਕ ਤਰੀਕੇ ਨਾਲ ਲਾਗੂ ਹੋਣ ਤੋਂ ਰੋਕ ਕੇ ਕਿਸ ਤਰ੍ਹਾਂ ਕੁਝ ਲੋਕਾਂ ਨੂੰ ਲਾਭ ਪਹੁੰਚਾਇਆ, ਇਸ ਦੀ ਸ਼ਿਕਾਇਤ ਮੈਂ ਸੀ ਬੀ ਆਈ ਨੂੰ ਕੀਤੀ ਹੈ | ਜੋ ਨਵੀਂ ਐਕਸਾਈਜ਼ ਪਾਲਸੀ ਮਈ 2021 ‘ਚ ਪਾਸ ਹੋ ਗਈ, ਉਸ ‘ਚ ਤੈਅ ਕੀਤਾ ਗਿਆ ਕਿ ਹਰ ਇਲਾਕੇ ‘ਚ ਬਰਾਬਰ ਸ਼ਰਾਬ ਦੀਆਂ ਦੁਕਾਨਾਂ ਹੋਣਗੀਆਂ, ਜਦਕਿ ਪਹਿਲਾਂ ਇੱਕ ਜਗ੍ਹਾ ‘ਤੇ 20 ਦੁਕਾਨਾਂ ਸਨ, ਜਦਕਿ ਕੁਝ ਸਥਾਨਾਂ ‘ਤੇ ਬਿਲਕੁਲ ਨਹੀਂ ਸਨ | ਸਿਸੋਦੀਆ ਨੇ ਕਿਹਾ ਨਵੀਂ ਐਕਸਾਈਜ਼ ਪਾਲਸੀ ਉਦੋਂ ਦੇ ਐੱਲ ਜੀ ਕੋਲ ਗਈ, ਉਨ੍ਹਾ ਬਹੁਤ ਧਿਆਨ ਨਾਲ ਪੜਿ੍ਹਆ | ਇਸ ਪਾਲਸੀ ‘ਚ ਸਾਫ਼ ਲਿਖਿਆ ਸੀ ਕਿ ਪੂਰੀ ਦਿੱਲੀ ‘ਚ ਹਰ ਇਲਾਕੇ ਵਿੱਚ ਦੁਕਾਨ ਸਮਾਨ ਰੂਪ ਨਾਲ ਹੋਣਗੀਆਂ | ਪਾਲਸੀ ਤਾਂ ਐੱਲ ਜੀ ਨੇ ਮਨਜ਼ੂਰ ਕਰ ਦਿੱਤੀ, ਕੋਈ ਇਤਰਾਜ਼ ਨਹੀਂ ਕੀਤਾ | ਜਦ ਦੁਕਾਨਾਂ ਖੋਲ੍ਹਣ ਦੀ ਫਾਇਲ ਐੱਲ ਜੀ ਕੋਲ ਪਹੁੰਚੀ ਤਾਂ ਐੱਲ ਜੀ ਦਫ਼ਤਰ ਨੇ ਆਪਣਾ ਸਟੈਂਡ ਬਦਲ ਲਿਆ | ਨਵੰਬਰ ਦੇ ਪਹਿਲੇ ਹਫ਼ਤੇ ਦੁਕਾਨਾਂ ਖੋਲ੍ਹਣ ਦਾ ਪ੍ਰਸਤਾਵ ਐੱਲ ਜੀ ਕੋਲ ਪਹੁੰਚਿਆ | ਨਵੰਬਰ ‘ਚ ਉਨ੍ਹਾ ਨਵੀਂ ਸ਼ਰਤ ਲਾ ਦਿੱਤੀ | ਸਿਸੋਦੀਆ ਨੇ ਕਿਹਾ ਕਿ ਜਦ ਪਹਿਲਾਂ ਇਸ ਤਰ੍ਹਾਂ ਨਹੀਂ ਹੁੰਦਾ ਸੀ, ਸਿਰਫ਼ ਐੱਲ ਜੀ ਹਾਊਸ ਤੋਂ ਮਨਜ਼ੂਰੀ ਲੈਣੀ ਹੁੰਦੀ ਸੀ | ਇਸ ਕਾਰਨ ਲਾਇਸੰਸ ਲੈਣ ਵਾਲਿਆਂ ਨੂੰ ਬਹੁਤ ਨੁਕਸਾਨ ਹੋਇਆ |