ਮੋਗਾ (ਇਕਬਾਲ ਸਿੰਘ ਮੋਗਾ)
ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵੱਲੋਂ ਸ਼ਨੀਵਾਰ ਵਿਸ਼ੇਸ਼ ਮੀਟਿੰਗ ਬਾਈ ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਵਿਖੇ ਕੀਤੀ ਗਈ।ਮੀਟਿੰਗ ਦੀ ਪ੍ਰਧਾਨਗੀ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਢਾਬਾਂ ਅਤੇ ਸੂਬਾ ਪ੍ਰਧਾਨ ਏ ਆਈ ਐੱਸ ਅੱੈਫ ਰਮਨ ਕੁਮਾਰ ਧਰਮੂਵਾਲਾ ਨੇ ਕੀਤੀ।ਮੀਟਿੰਗ ਵਿੱਚ ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਜਗਰੂਪ ਸਿੰਘ, ਸਰਬ ਭਾਰਤ ਨੌਜਵਾਨ ਸਭਾ ਦੇ ਕੌਮੀ ਪ੍ਰਧਾਨ ਸੁਖਜਿੰਦਰ ਮਹੇਸਰੀ ਅਤੇ ਉਹਨਾ ਨਾਲ ਹੰਸ ਰਾਜ ਗੋਲਡਨ, ਕੁਲਦੀਪ ਸਿੰਘ ਭੋਲਾ, ਡਾਕਟਰ ਇੰਦਰਵੀਰ ਨੇ ਵਿਸ਼ੇਸ਼ ਤੌਰ ’ਤੇ ਹਿੱਸਾ ਲਿਆ।ਮੀਟਿੰਗ ਵਿੱਚ ਸਰਬ ਭਾਰਤ ਨੌਜਵਾਨ ਸਭਾ ਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਜ਼ਿਲ੍ਹਿਆਂ ਦੇ ਵੱਖ-ਵੱਖ ਆਗੂਆਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਵਿੱਚ ਸਰਬਸੰਮਤੀ ਨਾਲ ਲਏ ਗਏ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਸੂਬਾ ਸਕੱਤਰ ਚਰਨਜੀਤ ਸਿੰਘ ਛਾਂਗਾਰਾਏ ਅਤੇ ਵਿਦਿਆਰਥੀਆਂ ਦੇ ਸੂਬਾ ਸਕੱਤਰ ਪਿ੍ਰਤਪਾਲ ਸਿੰਘ ਪੰਜਾਬੀ ਯੂਨੀਵਰਸਿਟੀ ਨੇ ਕਿਹਾ ਕਿ ਪਰਮਗੁਣੀ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ 28 ਸਤੰਬਰ ਨੂੰ ਕੀਤਾ ਜਾਣ ਵਾਲਾ ‘ਬਨੇਗਾ ਵਲੰਟੀਅਰ ਸੰਮੇਲਨ ਅਤੇ ਮਾਰਚ’ ਜਲੰਧਰ ਦੀ ਬਜਾਏ ਮੋਗਾ ਵਿਖੇ ਇਨਕਲਾਬੀ ਜੋਸ਼ ਨਾਲ ਧੂਮਧਾਮ ਨਾਲ ਕੀਤਾ ਜਾਵੇਗਾ।ਉਹਨਾ ਕਿਹਾ ਕਿ 25 ਸਾਲ ਪਹਿਲਾਂ ਰੁਜ਼ਗਾਰ ਪ੍ਰਾਪਤੀ ਚੇਤਨਾ ਮੁਹਿੰਮ ਦੀ ਸ਼ੁਰੂਆਤ ਇਸ ਸਥਾਨ ਤੋਂ ਕੀਤੀ ਗਈ ਸੀ ਅਤੇ ਹੁਣ ਮੋਗਾ ਵਿਖੇ ਕੀਤੇ ਜਾ ਰਹੇ ਇਸ ਵਲੰਟੀਅਰ ਸੰਮੇਲਨ ਅਤੇ ਮਾਰਚ ਮੌਕੇ ਰੁਜ਼ਗਾਰ ਪ੍ਰਾਪਤੀ ਮੁਹਿੰਮ ਤੇ ਅਗਲੇ ਪੜਾਅ ‘ਬਨੇਗਾ ਪ੍ਰਾਪਤੀ ਮੁਹਿੰਮ’ ਦੀ ਸ਼ੁਰੂਆਤ ਕੀਤੀ ਜਾਵੇਗੀ।ਆਗੂਆਂ ਨੇ ਕਿਹਾ ਕਿ ਮੋਗਾ ਵਿਖੇ ਕੀਤੇ ਜਾ ਰਹੇ ਇਸ ਵਲੰਟੀਅਰ ਸੰਮੇਲਨ ਅਤੇ ਮਾਰਚ ਵਿੱਚ ਸ਼ਾਮਲ ਹੋਣ ਲਈ ਪੰਜਾਬ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਹਜ਼ਾਰਾਂ ਦੀ ਗਿਣਤੀ ਵਿੱਚ ਭਗਤ ਸਿੰਘ ਦੀ ਤਸਵੀਰ ਵਾਲੀ ਟੀ ਸ਼ਰਟ ਪਹਿਨ ਕੇ ਬਾ-ਵਰਦੀ ਵਲੰਟੀਅਰ ਸ਼ਾਮਿਲ ਹੋਣਗੇ, ਜਿਸ ਦੀਆਂ ਤਿਆਰੀਆਂ ਸੰਬੰਧੀ ਅੱਜ ਤੋਂ ਹੀ ਪੂਰੇ ਪੰਜਾਬ ਵਿੱਚ ਆਗੂ ਸਰਗਰਮ ਹੋ ਜਾਣਗੇ ਅਤੇ ਪਰਮਗੁਣੀ ਭਗਤ ਸਿੰਘ ਦੇ ਜੀਵਨ ਅਤੇ ਵਿਚਾਰਧਾਰਾ ਨਾਲ ਸੰਬੰਧਤ ਸੈਮੀਨਾਰ, ਨਾਟਕ, ਗੀਤ ਅਤੇ ਕੋਰੀਓਗਰਾਫੀਆਂ ਕਰਕੇ ਪੂਰੇ ਪੰਜਾਬ ਵਿੱਚ ਪਰਮਗੁਣੀ ਭਗਤ ਸਿੰਘ ਦੇ ਜਨਮ ਦਿਨ ਨੂੰ ਤਿਉਹਾਰ ਬਣਾਉਣ ਸੰਬੰਧੀ ਮਾਹੌਲ ਗਰਮਾਇਆ ਜਾਵੇਗਾ।
ਆਗੂਆਂ ਕਿਹਾ ਕਿ ਇਸ ਇਤਿਹਾਸਿਕ ਸਮਾਗਮ ਨੂੰ ਸਫਲ ਬਣਾਉਣ ਲਈ ਵੱਖ-ਵੱਖ ਕਮੇਟੀਆਂਤਿਆਰੀ ਕਮੇਟੀ, ਰਿਸੈਪਸ਼ਨ ਕਮੇਟੀ, ਸੋਸ਼ਲ ਮੀਡੀਆ ਕਮੇਟੀ, ਪ੍ਰਚਾਰ ਕਮੇਟੀ ਆਦਿ ਦਾ ਗਠਨ ਕਰਕੇ ਆਗੂਆਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ।ਮੀਟਿੰਗ ਨੂੰ ਏ ਆਈ ਐੱਸ ਐੱਫ ਦੇ ਸੀਨੀਅਰ ਮੀਤ ਪ੍ਰਧਾਨ ਸੁਖਵਿੰਦਰ ਮਲੋਟ, ਰਾਹੁਲ ਗਰਗ, ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਮੀਤ ਸਕੱਤਰ ਵਿਸ਼ਾਲ ਵਲਟੋਹਾ ਅਤੇ ਨੌਜਵਾਨ ਆਗੂ ਗੁਰਪ੍ਰਤਾਪ ਸਿੰਘ ਵਲਟੋਹਾ ਨੇ ਸੰਬੋਧਨ ਕੀਤਾ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਵਰਨ ਸਿੰਘ ਖੋਸਾ, ਜਗਸੀਰ ਸਿੰਘ ਖੋਸਾ ਅਤੇ ਗੋਰਾ ਪਿਪਲੀ ਚੱਕ ਨੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਵਿਸ਼ਵਾਸ ਦਿਵਾਇਆ।