ਅੰਮਿ੍ਰਤਸਰ : ਜਲੰਧਰ ਵਾਲੇ ਹਾਈਵੇ ’ਤੇ ਮਕਬੂਲਪੁਰਾ ਥਾਣੇ ਅਧੀਨ ਪੈਂਦੇ ਦੋਬੁਰਜੀ ’ਚ ਦੋ ਪਗੜੀਧਾਰੀ ਹਮਲਾਵਾਰ ਐੱਨ ਆਰ ਆਈ ਸੁਖਚੈਨ ਸਿੰਘ ਨੂੰ ਸ਼ਨੀਵਾਰ ਸਵੇਰੇ ਕਰੀਬ ਸਾਢੇ 7 ਵਜੇ ਘਰ ਵਿਚ ਗੋਲੀਆਂ ਮਾਰ ਕੇ ਆਰਾਮ ਨਾਲ ਫਰਾਰ ਹੋ ਗਏ। ਤਾਂ ਵੀ ਘਟਨਾ ਸੀ ਸੀ ਟੀ ਵੀ ਵਿਚ ਕੈਦ ਹੋ ਗਈ। ਸੁਖਚੈਨ ਨੂੰ ਗੰਭੀਰ ਹਾਲਤ ’ਚ ਹਸਪਤਾਲ ਦਾਖਲ ਕਰਵਾਇਆ ਗਿਆ। ਏ ਡੀ ਸੀ ਪੀ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਸੀ ਸੀ ਟੀ ਵੀ ਫੁਟੇਜ ਹਾਸਲ ਕਰ ਲਈ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਮੁਤਾਬਕ ਹਮਲਾਵਰ ਘਰ ਵਿਚ ਦਾਖਲ ਹੋਏ ਤੇ ਸੁਖਚੈਨ ਦੇ ਸਿਰ ਤੇ ਧੌਣ ’ਤੇ ਤਿੰਨ ਗੋਲੀਆਂ ਮਾਰ ਦਿੱਤੀਆਂ। ਸੁਖਚੈਨ ਦੀ ਮਾਤਾ ਤੇ ਬੇਟਾ ਤਰਲੇ ਮਾਰਦੇ ਰਹੇ, ਪਰ ਹਮਲਾਵਰ ਨਹੀਂ ਰੁਕੇ। ਸੁਖਚੈਨ ਦੀ ਪਤਨੀ ਨੇ ਦੱਸਿਆ ਕਿ ਉਹ ਉਸ ਦੀ ਦੂਜੀ ਪਤਨੀ ਹੈ ਅਤੇ ਉਸ ਦੀ ਪਹਿਲੀ ਪਤਨੀ ਨੇ ਖੁਦਕੁਸ਼ੀ ਕਰ ਲਈ ਸੀ। ਸੁਖਚੈਨ ਮਹੀਨਾ ਪਹਿਲਾਂ ਹੀ ਅਮਰੀਕਾ ਤੋਂ ਆਇਆ ਸੀ। ਸੁਖਚੈਨ ਅਮਰੀਕਾ ਰਹਿੰਦਾ ਸੀ। ਅਮਰੀਕਾ ’ਚ ਉਸ ਦਾ ਭਰਾ ਹੈ। ਪਤਨੀ ਦੀ ਖੁਦਕੁਸ਼ੀ ਤੋਂ ਬਾਅਦ ਉਹ ਬੱਚਿਆਂ ਦੀ ਦੇਖਭਾਲ ਲਈ ਲਗਭਗ ਇੱਕ ਸਾਲ ਤੋਂ ਭਾਰਤ ’ਚ ਰਹਿ ਰਿਹਾ ਸੀ। ਇਸ ਦੌਰਾਨ ਉਹ ਕੰਮ ਲਈ ਕਈ ਵਾਰ ਅਮਰੀਕਾ ਗਿਆ। ਪਰਵਾਰਕ ਮੈਂਬਰ ਪਰਮਜੀਤ ਸਿੰਘ ਨੇ ਦੱਸਿਆ ਕਿ ਸੁਖਚੈਨ ਦਾ ਆਪਣੀ ਪਹਿਲੀ ਪਤਨੀ ਦੇ ਪਰਵਾਰ ਨਾਲ ਝਗੜਾ ਚੱਲ ਰਿਹਾ ਸੀ। ਖੁਦਕੁਸ਼ੀ ਤੋਂ ਬਾਅਦ ਮਿ੍ਰਤਕ ਪਤਨੀ ਦੇ ਮਾਮੇ ਵੱਲੋਂ ਐੱਫ ਆਈ ਆਰ ਵੀ ਦਰਜ ਕਰਵਾਈ ਗਈ ਅਤੇ ਮਾਮਲਾ ਅਦਾਲਤ ’ਚ ਚਲਾ ਗਿਆ। ਉਨ੍ਹਾਂ ਦੇ ਦੋ ਬੱਚੇ ਹਨ, ਜੋ ਸੁਖਚੈਨ ਨਾਲ ਰਹਿ ਰਹੇ ਹਨ। ਕਰੀਬ 5 ਮਹੀਨੇ ਪਹਿਲਾਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ਲਈ ‘ਆਪ’ ਸਰਕਾਰ ਦੀ ਆਲੋਚਨਾ ਕਰਦਿਆਂ ਮੁੱਖ ਮੰਤਰੀ ਤੋਂ ਇਖਲਾਕੀ ਆਧਾਰ ’ਤੇ ਅਸਤੀਫੇ ਦੀ ਮੰਗ ਕੀਤੀ ਹੈ।
‘ਆਪ’ ਪੰਜਾਬ ਦੇ ਸੀਨੀਅਰ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਐੱਨ ਆਰ ਆਈ ਵਿਅਕਤੀ ਦੇ ਪਰਵਾਰ ਨੇ ਬਿਆਨ ਦਿੱਤਾ ਹੈ ਕਿ ਉਸ ’ਤੇ ਉਸ ਦੀ ਸਾਬਕਾ ਪਤਨੀ ਦੇ ਪਰਵਾਰਕ ਮੈਂਬਰਾਂ ਨੇ ਹਮਲਾ ਕੀਤਾ ਸੀ। ਇਹ ਪੂਰੀ ਤਰ੍ਹਾਂ ਪਰਵਾਰਕ ਮਾਮਲਾ ਹੈ, ਪਰ ਅਫਸੋਸ ਦੀ ਗੱਲ ਹੈ ਕਿ ਵਿਰੋਧੀ ਧਿਰ ਦੇ ਕਈ ਆਗੂ ਇਸ ’ਤੇ ਸਿਆਸਤ ਕਰ ਰਹੇ ਹਨ।
ਨੀਲ ਗਰਗ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਡੀ ਜੀ ਪੀ ਨੂੰ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਗਰਗ ਨੇ ਕਿਹਾ ਕਿ ਬਾਦਲ ਸਰਕਾਰ ਵੇਲੇ ਅੰਮਿ੍ਰਤਸਰ ’ਚ ਇਕ ਏ ਐੱਸ ਆਈ ਆਪਣੀ ਧੀ ਦੀ ਇੱਜ਼ਤ ਬਚਾਉਦੇ ਹੋਏ ਸ਼ਹੀਦ ਹੋ ਗਿਆ ਸੀ। ਛੇੜਛਾੜ ਕਰਨ ਵਾਲੇ ਅਕਾਲੀ ਦਲ ਦੇ ਹੀ ਗੁੰਡੇ ਸਨ। ਉਨ੍ਹਾ ਭਾਜਪਾ ਨੂੰ ਘੇਰਦਿਆਂ ਕਿਹਾ ਕਿ ਹਾਲ ਹੀ ਵਿੱਚ ਹਰਿਆਣਾ ਵਿੱਚ ਇੱਕ ਮੌਜੂਦਾ ਵਿਧਾਇਕ ਨੂੰ ਗੋਲੀ ਮਾਰ ਦਿੱਤੀ ਗਈ। ਯੂ ਪੀ ਦੇ ਰਾਏਬਰੇਲੀ ਵਿੱਚ ਇੱਕ ਦਲਿਤ ਵਿਅਕਤੀ ਨੂੰ ਮਜ਼ਦੂਰੀ ਮੰਗਣ ’ਤੇ ਤਸ਼ੱਦਦ ਕੀਤਾ ਗਿਆ। ਭਾਜਪਾ ਨੇਤਾਵਾਂ ਨੇ ਇਸ ਮਾਮਲੇ ’ਤੇ ਕਿਉ ਕੁਝ ਨਹੀਂ ਕਿਹਾ?
ਉਹਨਾ ਕਿਹਾ ਕਿ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨ ਸੀ ਆਰ ਬੀ) ਦੇ ਅੰਕੜੇ ਇਹ ਵੀ ਦਰਸਾਉਦੇ ਹਨ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਭਾਜਪਾ ਸ਼ਾਸਤ ਅਤੇ ਹੋਰ ਗੁਆਂਢੀ ਰਾਜਾਂ ਦੇ ਮੁਕਾਬਲੇ ਬਹੁਤ ਵਧੀਆ ਹੈ।ਪੰਜਾਬ ਦੀਆਂ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਵੀ ਮਾਨ ਸਰਕਾਰ ਦੇ ਰਾਜ ਵਿੱਚ ਅਮਨ-ਕਾਨੂੰਨ ਦੀ ਸਥਿਤੀ ਕਾਫੀ ਬਿਹਤਰ ਹੈ। ਵਿਰੋਧੀ ਧਿਰ ਦਾ ਮਕਸਦ ਸਿਰਫ ਬਦਨਾਮ ਕਰਨਾ ਹੈ।