ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਭਾਜਪਾ ’ਤੇ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਣ ਤੇ ਨਾਗਰਿਕਾਂ ਵਿਚ ਡਰ ਪੈਦਾ ਕਰਨ ਲਈ ਬੁਲਡੋਜ਼ਰ ਵਰਤਣ ਦਾ ਦੋਸ਼ ਲਾਇਆ ਹੈ। ਉਨ੍ਹਾ ਕਿਹਾ ਹੈ ਕਿ ਕਿਸੇ ਦਾ ਘਰ ਢਾਹੁਣਾ ਤੇ ਪਰਵਾਰ ਨੂੰ ਬੇਘਰ ਕਰਨਾ ਅਣਮਨੁੱਖੀ ਤੇ ਨਾਵਾਜਬ ਹੈ। ਭਾਜਪਾ ਦੀ ਹਕੂਮਤ ਵਾਲੇ ਰਾਜਾਂ ਵਿਚ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਣਾ ਬਹੁਤ ਪ੍ਰੇਸ਼ਾਨ ਕਰਨ ਵਾਲਾ ਹੈ। ਅਜਿਹੀਆਂ ਕਾਰਵਾਈਆਂ ਲਈ ਕਾਨੂੰਨ ਦੇ ਰਾਜ ਨਾਲ ਚਲਦੇ ਸਮਾਜ ’ਚ ਕੋਈ ਥਾਂ ਨਹੀਂ। ਉਨ੍ਹਾ ਕਿਹਾ ਕਿ ਅਨਾਰਕੀ ਕੁਦਰਤੀ ਇਨਸਾਫ ਦੀ ਥਾਂ ਨਹੀਂ ਲੈ ਸਕਦੀ। ਅਪਰਾਧ ਦਾ ਫੈਸਲਾ ਅਦਾਲਤਾਂ ਵਿਚ ਹੋਣਾ ਚਾਹੀਦਾ ਹੈ, ਕਿਸੇ ਨੂੰ ਸਰਕਾਰੀ ਸਰਪ੍ਰਸਤੀ ਨਾਲ ਸੋਧਣਾ ਗਲਤ ਹੈ। ਕਾਂਗਰਸ ਪਾਰਟੀ ਸੂਬਾਈ ਭਾਜਪਾ ਸਰਕਾਰਾਂ ਵੱਲੋਂ ਸੰਵਿਧਾਨ ਦੇ ਨੰਗੇ-ਚਿੱਟੇ ਅਨਾਦਰ ਅਤੇ ਨਾਗਰਿਕਾਂ ਵਿਚ ਡਰ ਪੈਦਾ ਕਰਨ ਲਈ ਬੁਲਡੋਜ਼ਰ ਦੀ ਵਰਤੋਂ ਦੀ ਕਰੜੀ ਨਿੰਦਾ ਕਰਦੀ ਹੈ। ਖੜਗੇ ਨੇ ਇਹ ਬਿਆਨ ਇਸ ਹਫਤੇ ਦੇ ਸ਼ੁਰੂ ਵਿਚ ਭੋਪਾਲ ’ਚ ਪੁਲਸ ਅਫਸਰਾਂ ’ਤੇ ਪਥਰਾਅ ਦੇ ਮੁੱਖ ਮੁਲਜ਼ਮ ਕਾਂਗਰਸੀ ਆਗੂ ਹਾਜੀ ਸ਼ਹਿਜ਼ਾਦ ਅਲੀ ਦੇ ਬੰਗਲੇ ਨੂੰ ਢਾਹੁਣ ਤੋਂ ਬਾਅਦ ਦਿੱਤਾ ਹੈ।
ਭੀੜ ਨੇ 21 ਅਗਸਤ ਨੂੰ ਕਥਿਤ ਤੌਰ ’ਤੇ ਕੋਤਵਾਲੀ ਦੇ ਅਹਾਤੇ ਵਿਚ ਪੁਲਸ ਅਫਸਰਾਂ ’ਤੇ ਪਥਰਾਅ ਕੀਤਾ ਸੀ। ਲੋਕ ਮੰਗ ਕਰ ਰਹੇ ਸਨ ਕਿ ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਦੇ ਪਿੰਡ ਸ਼ਾਹ ਪੰਚਾਲੇ ਵਿਚ ਇਕ ਧਾਰਮਕ ਸਮਾਗਮ ’ਚ ਪੈਗੰਬਰ ਮੁਹੰਮਦ ਤੇ ਇਸਲਾਮ ਵਿਰੁੱਧ ਇਤਰਾਜ਼ਯੋਗ ਗੱਲਾਂ ਕਹਿਣ ਵਾਲੇ ਰਾਮਗਿਰੀ ਮਹਾਰਾਜ ਖਿਲਾਫ ਕਾਰਵਾਈ ਕੀਤੀ ਜਾਵੇ।
ਇਸ ਤੋਂ ਪਹਿਲਾਂ ਰਾਜਸਥਾਨ ਵਿਚ ਭਜਨ ਲਾਲ ਸ਼ਰਮਾ ਦੀ ਭਾਜਪਾ ਸਰਕਾਰ ਨੇ ਉਦੈਪੁਰ ਵਿਚ ਵਿਦਿਆਰਥੀ ਨੂੰ ਚਾਕੂ ਮਾਰਨ ਵਾਲੇ ਦੂਜੇ ਵਿਦਿਆਰਥੀ ਦਾ ਘਰ ਢਾਹੁਣ ਦਾ ਹੁਕਮ ਦਿੱਤਾ ਸੀ।
ਪ੍ਰਸ਼ਾਸਨ ਨੇ ਵਿਦਿਆਰਥੀ ਦੇ ਪਰਵਾਰ ਦਾ ਉਹ ਘਰ ਢਾਹ ਦਿੱਤਾ ਸੀ, ਜਿਥੇ ਉਹ ਕਿਰਾਏ ’ਤੇ ਰਹਿੰਦੇ ਸਨ। ਹਿੰਦੂ ਗਰੁੱਪਾਂ ਤੇ ਭਾਜਪਾ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਸੀ ਕਿ ਇਸ ਮਾਮਲੇ ਵਿਚ ਯੂ ਪੀ ਵਾਲਾ ਬੁਲਡੋਜ਼ਰ ਐਕਸ਼ਨ ਕੀਤਾ ਜਾਵੇ।