ਲਖਨਊ : 2019 ਤੋਂ ਜੇਲ੍ਹ ‘ਚ ਬੰਦ ਉਤਰ ਪ੍ਰਦੇਸ਼ ਦੇ ਸਾਂਸਦ ਅਤੁਲ ਰਾਏ ਨੂੰ ਸ਼ਨੀਵਾਰ ਵਾਰਾਨਸੀ ਦੀ ਇੱਕ ਕੋਰਟ ਨੇ ਬਲਾਤਕਾਰ ਦੇ ਦੋਸ਼ ਤੋਂ ਬਰੀ ਕਰ ਦਿੱਤਾ | ਹਾਲਾਂਕਿ ਉਸ ਖਿਲਾਫ਼ ਹੋਰ ਪਏ ਮਾਮਲਿਆਂ ਕਾਰਨ ਉਸ ਨੂੰ ਜੇਲ੍ਹ ਤੋਂ ਰਿਹਾ ਨਹੀਂ ਕੀਤਾ ਜਾਵੇਗਾ | ਅਤੁਲ ਰਾਏ ਬਹੁਜਨ ਸਮਾਜ ਪਾਰਟੀ ਤੋਂ ਸੂਬਾ ਦੇ ਪੂਰਬੀ ਹਿੱਸੇ ਦੀ ਘੋਸੀ ਲੋਕ ਸਭਾ ਸੀਟ ਤੋਂ ਸਾਂਸਦ ਹਨ | ਉਨ੍ਹਾ ਸਾਲ 2019 ਤੋਂ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਆਤਮ ਸਮਰਪਣ ਕੀਤਾ ਸੀ | ਪੂਰਬੀ ਉਤਰ ਪ੍ਰਦੇਸ਼ ਦੀ ਰਹਿਣ ਵਾਲੀ ਇੱਕ 24 ਸਾਲ ਲੜਕੀ ਨੇ ਰਾਏ ‘ਤੇ ਸਾਲ 2019 ‘ਚ ਬਲਾਤਕਾਰ ਦਾ ਦੋਸ਼ ਲਾਇਆ ਸੀ | ਲੜਕੀ ਨੇ ਬਾਅਦ ‘ਚ ਆਪਣੇ ਮਰਦ ਦੋਸਤ ਦੇ ਨਾਲ ਸੁਪਰੀਮ ਕੋਰਟ ਦੇ ਗੇਟ ‘ਤੇ ਖੁਦ ਨੂੰ ਅੱਗ ਲਾ ਲਈ ਸੀ, ਜਿਸ ‘ਚ ਉਸ ਦੀ ਮੌਤ ਹੋ ਗਈ ਸੀ | ਉਸ ਨੇ ਦੋਸ਼ ਲਾਇਆ ਸੀ ਕਿ ਵਾਰਾਨਸੀ ਪੁਲਸ, ਜਿੱਥੇ ਉਸ ਨੇ ਮਾਮਲਾ ਦਰਜ ਕਰਵਾਇਆ ਸੀ, ਜੇਲ੍ਹ ‘ਚ ਬੰਦ ਸਾਂਸਦ ਅਤੇ ਉਸ ਦੇ ਰਿਸ਼ਤੇਦਾਰਾਂ ਦੇ ਨਾਲ ਮਿਲੀਭੁਗਤ ਕਰ ਰਹੀ ਸੀ | ਮਹਿਲਾ ਦੇ ਦੋਸਤ ਦੀ ਵੀ ਉਸ ਸਮੇਂ ਅੱਗ ਨਾਲ ਝੁਲਸਣ ਤੋਂ ਬਾਅਦ ਮੌਤ ਹੋ ਗਈ ਸੀ | ਮਰਨ ਤੋਂ ਪਹਿਲਾਂ ਦੋਵਾਂ ਨੇ ਵੀਡੀਓ ਬਣਾਇਆ ਸੀ | ਉਨ੍ਹਾ ਕਿਹਾ ਕਿ ਸੀ ਕਿ ਸਾਨੂੰ ਨਿਆਂ ਦੀ ਕੋਈ ਉਮੀਦ ਨਹੀਂ | ਰਾਏ ਆਤਮ ਹੱਤਿਆ ਲਈ ਉਕਸਾਉਣ ਦੇ ਮਾਮਲੇ ‘ਚ ਵੀ ਦੋਸ਼ੀ ਹੈ ਅਤੇ ਜੁਲਾਈ ‘ਚ ਇਸ ਮਾਮਲੇ ‘ਚ ਇਲਾਹਾਬਾਦ ਹਾਈ ਕੋਰਟ ਨੇ ਉਸ ਦੀ ਜ਼ਮਾਨਤ ਖਾਰਜ ਕਰ ਦਿੱਤੀ ਸੀ |