ਚੰਡੀਗੜ੍ਹ (ਗੁਰਜੀਤ ਬਿੱਲਾ)
ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸ਼ਨੀਵਾਰ ਮੁਲਾਜ਼ਮ ਪੱਖੀ ਫੈਸਲਾ ਲੈਂਦੇ ਹੋਏ ਸਿੱਖਿਆ ਪ੍ਰੋਵਾਈਡਰਜ਼/ਐਜੂਕੇਸ਼ਨ ਪ੍ਰੋਵਾਈਡਰਜ਼/ਐਜ਼ੂਕੇਸਨ ਵਲੰਟੀਅਰਜ਼/ਈ ਜੀ ਐੱਸ/ ਏ ਆਈ ਈ ਅਤੇ ਐੱਸ ਟੀ ਆਰ ਵਲੰਟੀਅਰਜ਼ ਨੂੰ ਸਿੱਖਿਆ ਵਿਭਾਗ ‘ਚ ਈ ਟੀ ਟੀ ਅਧਿਆਪਕਾਂ ਦੀ ਸਿੱਧੀ ਭਰਤੀ ਲਈ ਅਪਲਾਈ ਕਰਨ ਲਈ ਮਿੱਥੀ ਉਮਰ ਹੱਦ ‘ਚ ਛੋਟ ਦੇਣ ਦਾ ਫੈਸਲਾ ਕੀਤਾ ਹੈ | ਸਰਕਾਰ ਦੇ ਇਸ ਫੈਸਲੇ ਨਾਲ ਹੁਣ ਸਿੱਧੀ ਭਰਤੀ ਲਈ ਹੋਣ ਵਾਲੀ ਪ੍ਰੀਖਿਆ ਵਿੱਚ ਭਾਗ ਲੈ ਸਕਣਗੇ | ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਬੀਤੇ ਕਈ ਸਾਲਾਂ ਤੋਂ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਅਧੀਨ ਸਿੱਖਿਆ ਪ੍ਰੋਵਾਈਡਰਜ਼ / ਐਜੂਕੇਸ਼ਨ ਪ੍ਰੋਵਾਈਡਰਜ਼ /ਐਜੂਕੇਸ਼ਨ ਵਲੰਟੀਅਰਜ਼/ ਈ ਜੀ ਐੱਸ/ ਏ ਆਈ ਈ ਅਤੇ ਐੱਸ ਟੀ ਆਰ ਵਲੰਟੀਅਰਜ਼ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਆਪਣੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਸਿੱਧੀ ਭਰਤੀ ਲਈ ਪੰਜਾਬ ਸਰਕਾਰ ਵੱਲੋਂ ਤੈਅ ਉਮਰ ਹੱਦ ਦੀ ਸੀਮਾਂ ਉਹ ਪਾਰ ਕਰ ਚੁੱਕੇ ਹਨ | ਉਹ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਉਮਰ ਹੱਦ ‘ਚ ਵਾਧੇ ਦੀ ਮੰਗ ਕਰ ਰਹੇ ਸਨ | ਸ੍ਰੀ ਬੈਂਸ ਨੇ ਦੱਸਿਆ ਕਿ ਉਨ੍ਹਾ ਇਸ ਮਾਮਲੇ ਨੂੰ ਮੁੱਖ ਮੰਤਰੀ ਪੰਜਾਬ ਕੋਲ ਬਹੁਤ ਗੰਭੀਰਤਾ ਨਾਲ ਚੁੱਕਿਆ ਸੀ ਅਤੇ ਮੁੱਖ ਮੰਤਰੀ ਵੱਲੋਂ ਇਸ ਨੂੰ ਹਮਦਰਦੀ ਨਾਲ ਵਿਚਾਰਦਿਆਂ ਪੰਜਾਬ ਸਿਵਲ ਸੇਵਾਵਾਂ (ਆਮ ਅਤੇ ਸਾਂਝੀਆਂ ਸੇਵਾ ਸ਼ਰਤਾਂ ) ਨਿਯਮ 1994 ਦੇ ਨਿਯਮ 19 (ਢਿੱਲ ਦੇਣ ਦੀ ਸ਼ਕਤੀ) ਤਹਿਤ ਇਨ੍ਹਾਂ ਨਿਯਮਾਂ ਦੇ ਨਿਯਮ 5 ਵਿੱਚ ਛੋਟ ਦਿੰਦੇ ਹੋਏ ਭਵਿੱਖ ਵਿੱਚ ਆਉਣ ਵਾਲੀਆਂ 5994 ਈ ਟੀ ਟੀ ਦੀਆਂ ਆਸਾਮੀਆਂ ਲਈ ਅਪਲਾਈ ਕਰਨ ਲਈ ਉਪਰਲੀ ਉਮਰ ਸੀਮਾ ਵਿੱਚ ਛੋਟ ਦੇਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ |



