27.2 C
Jalandhar
Thursday, September 19, 2024
spot_img

4 ਗਲਾਕ ਪਿਸਤੌਲਾਂ, 4.8 ਲੱਖ ਰੁਪਏ ਦੀ ਹਵਾਲਾ ਰਾਸ਼ੀ ਸਮੇਤ ਦੋ ਕਾਬੂ

ਚੰਡੀਗੜ੍ਹ (ਗੁਰਜੀਤ ਬਿੱਲਾ)
ਤਰਨ ਤਾਰਨ ਪੁਲਸ ਨੇ ਕੇਂਦਰੀ ਏਜੰਸੀ ਨਾਲ ਸਾਂਝੇ ਅਪ੍ਰੇਸ਼ਨ ਦੌਰਾਨ ਪਾਕਿਸਤਾਨ ਅਧਾਰਤ ਹਥਿਆਰ ਤਸਕਰੀ ਕਰਨ ਵਾਲੇ ਮਡਿਊਲ ਦੇ ਦੋ ਕਾਰਕੁਨਾਂ ਨੂੰ ਤਰਨ ਤਾਰਨ ਦੇ ਸ਼ੇਰੋਂ ਖੇਤਰ ਵਿੱਚੋਂ ਗਿ੍ਰਫ਼ਤਾਰ ਕਰਕੇ ਇਸ ਮਡਿਊਲ ਦਾ ਪਰਦਾ ਫਾਸ਼ ਕੀਤਾ ਹੈ। ਇਹ ਜਾਣਕਾਰੀ ਵੀਰਵਾਰ ਡੀ ਜੀ ਪੀ ਪੰਜਾਬ ਗੌਰਵ ਯਾਦਵ ਨੇ ਦਿੱਤੀ।
ਉਨ੍ਹਾ ਦੱਸਿਆ ਕਿ ਇਸ ਅਪਰੇਸ਼ਨ ਦੌਰਾਨ ਪੁਲਸ ਟੀਮਾਂ ਵੱਲੋਂ ਚਾਰ ਆਧੁਨਿਕ ਗਲਾਕ-19 ਪਿਸਤੌਲਾਂ, ਜਿਹਨਾਂ ਵਿੱਚੋਂ ਇਕ ’ਤੇ ਮੇਡ ਫਾਰ ਨਾਟੋ ਆਰਮੀ ਲਿਖਿਆ ਸੀ, ਸਮੇਤ ਚਾਰ ਮੈਗਜ਼ੀਨਾਂ ਅਤੇ ਸੱਤ ਜ਼ਿੰਦਾ ਕਾਰਤੂਸ ਬਰਾਮਦ ਕਰਨ ਦੇ ਨਾਲ-ਨਾਲ 4.8 ਲੱਖ ਰੁਪਏ ਦੀ ਹਵਾਲਾ ਰਾਸ਼ੀ ਵੀ ਬਰਾਮਦ ਕੀਤੀ ਗਈ ਹੈ। ਉਨ੍ਹਾ ਦੱਸਿਆ ਕਿ ਪੁਲਸ ਟੀਮਾਂ ਨੇ ਮਾਰੂਤੀ ਸਵਿਫਟ ਕਾਰ, ਜਿਸ ਵਿੱਚ ਮੁਲਜ਼ਮ ਜਾ ਰਹੇ ਸਨ, ਨੂੰ ਵੀ ਜ਼ਬਤ ਕਰ ਲਿਆ ਹੈ।
ਗਿ੍ਰਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਹਰਪ੍ਰੀਤ ਸਿੰਘ ਉਰਫ਼ ਹੈਪੀ ਵਾਸੀ ਚੱਪਾ ਰਾਮ ਸਿੰਘ, ਜੰਡਿਆਲਾ ਗੁਰੂ ਅਤੇ ਲਵਪ੍ਰੀਤ ਸਿੰਘ ਵਾਸੀ ਬਾਸਰਕੇ, ਖਾਲੜਾ ਵਜੋਂ ਹੋਈ ਹੈ। ਦੋਵੇਂ ਮੁਲਜ਼ਮ ਅਪਰਾਧਿਕ ਪਿਛੋਕੜ ਵਾਲੇ ਹਨ ਅਤੇ ਉਨ੍ਹਾਂ ਵਿਰੁੱਧ ਐੱਨ ਡੀ ਪੀ ਐੱਸ ਐਕਟ ਨਾਲ ਸੰਬੰਧਤ ਕੇਸ ਦਰਜ ਹਨ।
ਡੀ ਜੀ ਪੀ ਨੇ ਦੱਸਿਆ ਕਿ ਗਿ੍ਰਫ਼ਤਾਰ ਮੁਲਜ਼ਮ ਹਰਪ੍ਰੀਤ ਸਿੰਘ ਪਾਕਿਸਤਾਨ ਅਧਾਰਿਤ ਤਸਕਰ, ਜੋ ਡਰੋਨ ਰਾਹੀਂ ਸਰਹੱਦ ਪਾਰੋਂ ਨਸ਼ੇ ਅਤੇ ਹਥਿਆਰਾਂ ਦੀ ਖੇਪ ਭੇਜਦਾ ਸੀ, ਦੇ ਸਿੱਧੇ ਸੰਪਰਕ ਵਿੱਚ ਸੀ। ਇਸ ਮਾਮਲੇ ਦੇ ਅਗਲੇ-ਪਿਛਲੇ ਸੰਬੰਧ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ ਹੈ।
ਐੱਸ ਐੱਸ ਪੀ ਤਰਨ ਤਾਰਨ ਗੌਰਵ ਤੂਰਾ ਨੇ ਦੱਸਿਆ ਕਿ ਤਰਨ ਤਾਰਨ ਦੀ ਪੁਲਸ ਟੀਮ ਸ਼ੇਰੋਂ ਨੇੜੇ ਸ਼ੱਕੀ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਮਾਰੂਤੀ ਸੁਜ਼ੂਕੀ ਸਵਿਫਟ ਕਾਰ ਬੜੀ ਤੇਜ਼ ਰਫ਼ਤਾਰ ਨਾਲ ਆ ਰਹੀ ਸੀ। ਟੀਮ ਵੱਲੋਂ ਟਾਰਚ ਲਾਈਟ ਦੀ ਵਰਤੋਂ ਨਾਲ ਕਾਰ ਨੂੰ ਰੋਕਣ ਦਾ ਇਸ਼ਾਰਾ ਕੀਤਾ, ਪਰ ਕਾਰ ਸਵਾਰਾਂ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਨਤੀਜੇ ਵਜੋਂ ਉਨ੍ਹਾਂ ਦੀ ਕਾਰ ਨਾਕੇ ’ਤੇ ਲੱਗੇ ਬੈਰੀਕੇਡਾਂ ਨਾਲ ਟਕਰਾ ਗਈ। ਉਨ੍ਹਾ ਦੱਸਿਆ ਕਿ ਕਾਰ ਵਿੱਚ ਬੈਠੇ ਦੋ ਵਿਅਕਤੀਆਂ ਨੂੰ ਘੇਰ ਲਿਆ ਅਤੇ ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਹਥਿਆਰ ਅਤੇ ਹਵਾਲਾ ਰਾਸ਼ੀ ਬਰਾਮਦ ਕੀਤੀ ਗਈ।
ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਫਰੀਦਕੋਟ ਜੇਲ੍ਹ ’ਚ ਕੈਦ ਦੌਰਾਨ ਹਰਪ੍ਰੀਤ ਹੈਪੀ ਕੁਝ ਤਸਕਰਾਂ ਦੇ ਸੰਪਰਕ ਵਿੱਚ ਆਇਆ ਸੀ ਅਤੇ ਇਨ੍ਹਾਂ ਉਸ ਦੀ ਜਾਣ-ਪਛਾਣ ਪਾਕਿਸਤਾਨ ਅਧਾਰਤ ਨਸ਼ਾ ਤਸਕਰ ਨਾਲ ਕਰਵਾਈ ਸੀ।ਐੱਸ ਐੱਸ ਪੀ ਨੇ ਦੱਸਿਆ ਕਿ ਪੜਤਾਲ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਮੁਲਜ਼ਮ ਹਰਪ੍ਰੀਤ ਹੈਪੀ ਨੇ ਹਥਿਆਰਾਂ ਦੀਆਂ ਕਈ ਖੇਪਾਂ ਅਪਰਾਧਕ ਤੱਤਾਂ ਤੱਕ ਪਹੁੰਚਾਈਆਂ ਸਨ। ਉਨ੍ਹਾ ਦੱਸਿਆ ਕਿ ਇਸ ਮਾਮਲੇ ਵਿੱਚ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

Related Articles

LEAVE A REPLY

Please enter your comment!
Please enter your name here

Latest Articles