ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਵਿਚ ਜਾਰੀ ਉਥਲ-ਪੁਥਲ ਦਰਮਿਆਨ ਵੀਰਵਾਰ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਬਣਾ ਦਿੱਤਾ ਗਿਆ। ਇਹ ਨਿਯੁਕਤੀ ਪ੍ਰਧਾਨ ਸੁਖਬੀਰ ਬਾਦਲ ਨੇ ਕੀਤੀ ਹੈ। ਪਾਰਟੀ ਦੇ ਬੁਲਾਰੇ ਡਾ. ਦਲਜੀਤ ਚੀਮਾ ਨੇ ‘ਐੱਕਸ’ ਉੱਤੇ ਇਹ ਖੁਲਾਸਾ ਕਰਦਿਆਂ ਕਿਹਾ ਕਿ ਭਾਵੇਂਕਿ ਅਕਾਲੀ ਦਲ ਦਾ ਇਹ ਫੈਸਲਾ ਹੈਰਾਨ ਕਰਨ ਵਾਲਾ ਹੈ, ਪਰ ਬਾਗੀ ਧੜੇ ਵੱਲੋਂ ਲਗਾਤਾਰ ਸੁਖਬੀਰ ਬਾਦਲ ਤੋਂ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਸੀ। ਸ਼ੁੱਕਰਵਾਰ ਸ੍ਰੀ ਅਕਾਲ ਤਖਤ ਸਾਹਿਬ ਉਤੇ ਸਿੰਘ ਸਹਿਬਾਨ ਦੀ ਇਕੱਤਰਤਾ ਹੋਣੀ ਹੈ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੇ ਗਏ ਸਪੱਸ਼ਟੀਕਰਨ ਬਾਰੇ ਕੋਈ ਫੈਸਲਾ ਲਿਆ ਜਾ ਸਕਦਾ ਹੈ। ਬਾਗੀ ਧੜੇ ਨੇ ਅਕਾਲ ਤਖਤ ਸਾਹਿਬ ਉਤੇ ਮੰਗ ਪੱਤਰ ਦੇ ਕੇ ਸੁਖਬੀਰ ਖਿਲਾਫ ਕਾਰਵਾਈ ਦੀ ਮੰਗ ਕੀਤੀ ਸੀ।
ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਨੇ ਭੂੰਦੜ ਦੀ ਕਾਰਜਕਾਰੀ ਪ੍ਰਧਾਨ ਵਜੋਂ ਨਿਯੁਕਤੀ ਨੂੰ ਰੱਦ ਕਰ ਦਿੱਤਾ ਹੈ। ਗੁਰਪ੍ਰਤਾਪ ਸਿੰਘ ਵਡਾਲਾ, ਸੁਰਜੀਤ ਸਿੰਘ ਰੱਖੜਾ, ਪਰਮਿੰਦਰ ਸਿੰਘ ਢੀਂਡਸਾ, ਹਰਿੰਦਰਪਾਲ ਸਿੰਘ ਚੰਦੂਮਾਜਰਾ ਅਤੇ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਉਨ੍ਹਾਂ ਦੀ ਮੰਗ ਅਕਾਲੀ ਦਲ ਨੂੰ ਮਜ਼ਬੂਤ ਕਰਨ ਅਤੇ ਪਾਰਟੀ ਵਰਕਰਾਂ ਦੀ ਮੰਗ ਅਨੁਸਾਰ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਦੀ ਹੈ, ਨਾ ਕਿ ਕਿਸੇ ਲੀਡਰ ਨੂੰ ਕਾਰਜਕਾਰੀ ਪ੍ਰਧਾਨ ਨਿਯੁਕਤ ਕਰਨ ਦੀ। ਪਹਿਲੀ ਗੱਲ ਕਾਰਜਕਾਰੀ ਪ੍ਰਧਾਨ ਕੋਲ ਕੋਈ ਪਾਵਰ ਨਹੀਂ ਹੁੰਦੀ ਤੇ ਦੂਸਰਾ ਭੂੰਦੜ ਵੀ ਸਾਰੀ ਉਸ ਪ੍ਰਕਿਰਿਆ ’ਚ ਸ਼ਾਮਲ ਸਨ, ਜਿਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਮਸਲਾ ਪੇਸ਼ ਹੈ। ਸੁਖਬੀਰ ਸਿੰਘ ਬਾਦਲ ਤਿਆਗ ਦੀ ਭਾਵਨਾ ਨਹੀਂ ਦਿਖਾ ਰਹੇ ਅਤੇ ਉਹ ਫੈਸਲੇ ਕਰ ਰਹੇ ਹਨ, ਜਿਹੜੇ ਉਨ੍ਹਾ ਨੂੰ ਆਪਣੇ ਲਈ ਠੀਕ ਲੱਗਦੇ ਹਨ। ਇਨ੍ਹਾਂ ਫੈਸਲਿਆਂ ਨੂੰ ਸਿੱਖ ਪੰਥ ਕਦੇ ਵੀ ਪ੍ਰਵਾਨ ਨਹੀਂ ਕਰੇਗਾ, ਜਦੋਂ ਕਿ ਸਮੂਹ ਅਕਾਲੀ ਵਰਕਰ ਅਤੇ ਪੰਥ ਦਰਦੀ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਦੀ ਮੰਗ ਕਰ ਚੁੱਕੇ ਹਨ। ਇਨ੍ਹਾਂ ਆਗੂਆਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਕੰਧ ’ਤੇ ਲਿਖਿਆ ਪੜ੍ਹ ਚੁੱਕੇ ਹਨ, ਪਰ ਹਾਲੇ ਵੀ ਪ੍ਰਧਾਨਗੀ ਦੀ ਲਾਲਸਾ ਨਹੀਂ ਛੱਡ ਰਹੇ ਅਤੇ ਇਸ ਵਿੱਚੋਂ ਉਨ੍ਹਾ ਦੇ ਹੰਕਾਰ ਦੀ ਝਲਕ ਆ ਰਹੀ ਹੈ। ਅਗਰ ਉਨ੍ਹਾ ਵਿੱਚ ਪੰਥ ਪ੍ਰਤੀ ਕੋਈ ਦਰਦ ਹੁੰਦਾ ਤਾਂ ਉਹ ਆਪਣਾ ਅਹੁਦਾ ਛੱਡ ਕੇ ਜਥੇਦਾਰ ਸਾਹਿਬਾਨ ਦੀ ਇਕੱਤਰਤਾ ਤੋਂ ਪਹਿਲਾਂ ਸਾਂਝੀ ਪੰਜ ਪ੍ਰਧਾਨੀ ਬਣਾਉਣ ਦੀ ਤਜਵੀਜ਼ ਕਰਦੇ।
ਉਨ੍ਹਾਂ ਡਾ. ਦਲਜੀਤ ਸਿੰਘ ਚੀਮਾ ਦੇ ਉਸ ਬਿਆਨ ਨੂੰ ਵੀ ਹਾਸੋਹੀਣਾ ਦੱਸਿਆ ਹੈ, ਜਿਸ ’ਚ ਉਹ ਕਹਿ ਰਹੇ ਹਨ ਕਿ ਸੁਖਬੀਰ ਸਿੰਘ ਬਾਦਲ ਨੇ ਇਸ ਲਈ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ, ਕਿਉਂਕਿ ਉਹ ਇੱਕ ਨਿਮਾਣੇ ਸਿੱਖ ਵਜੋਂ ਪੇਸ਼ ਹੋਣਾ ਚਾਹੁੰਦੇ ਸੀ। ਇਸ ਬਿਆਨ ’ਤੇ ਤਨਜ਼ ਕੱਸਦਿਆਂ ਆਗੂਆਂ ਕਿਹਾ ਕਿ ਪਹਿਲਾਂ ਜਿਸ ਦਿਨ ਸ੍ਰੀ ਅਕਾਲ ਤਖਤ ਸਾਹਿਬ ’ਤੇ ਜਵਾਬ ਦਿੱਤਾ, ਉਸ ਦਿਨ ਵੀ ਇਹੀ ਦਾਅਵਾ ਕੀਤਾ ਸੀ ਕਿ ਨਿਮਾਣੇ ਸਿੱਖ ਵਜੋਂ ਪੇਸ਼ ਹੋਏ ਹਨ।