ਪਾਲਘਰ : ਮਹਾਰਾਸ਼ਟਰ ਦੇ ਸਿੰਧੂਦੁਰਗ ਜ਼ਿਲ੍ਹੇ ਵਿਚ ਛਤਰਪਤੀ ਸ਼ਿਵਾ ਜੀ ਮਹਾਰਾਜ ਦਾ ਬੁੱਤ ਡਿੱਗਣ ਦੀ ਘਟਨਾ ਉਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਸ਼ਿਵਾ ਜੀ ਅਤੇ ਇਸ ਘਟਨਾ ਤੋਂ ਦੁਖੀ ਲੋਕਾਂ ਕੋਲੋਂ ਮੁਆਫੀ ਮੰਗਦਿਆਂ ਇਸ ’ਤੇ ਅਫਸੋਸ ਜ਼ਾਹਰ ਕੀਤਾ ਹੈ।
76 ਹਜ਼ਾਰ ਕਰੋੜ ਰੁਪਏ ਦੀ ਲਾਗਤ ਵਾਲੇ ਵਧਵਾਨ ਬੰਦਰਗਾਹ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਬੋਲਦਿਆਂ ਮੋਦੀ ਨੇ ਕਿਹਾ-ਛਤਰਪਤੀ ਸ਼ਿਵਾ ਜੀ ਮਹਾਰਾਜ ਮਹਿਜ਼ ਇਕ ਨਾਂਅ ਜਾਂ ਇਕ ਰਾਜਾ ਹੀ ਨਹੀਂ ਸਨ, ਉਹ ਸਾਡੇ ਦੇਵਤਾ ਹਨ। ਮੈਂ ਉਨ੍ਹਾ ਦੇ ਪੈਰਾਂ ਵਿਚ ਸਿਰ ਝੁਕਾਉਂਦਾ ਹਾਂ ਅਤੇ ਆਪਣੇ ਦੇਵਤਾ ਤੋਂ ਮੁਆਫੀ ਮੰਗਦਾ ਹਾਂ। ਮੋਦੀ ਨੇ ਇਸ ਬੁੱਤ ਦਾ ਬੀਤੇ ਸਾਲ ਦਸੰਬਰ ’ਚ ਉਦਘਾਟਨ ਕੀਤਾ ਸੀ, ਜਿਹੜਾ 26 ਅਗਸਤ ਨੂੰ ਡਿੱਗ ਗਿਆ ਸੀ।
ਕੇਰਲਾ ’ਚ ਭਾਰੀ ਮੀਂਹ
ਤਿਰੁਅਨੰਤਮਪੁਰਮ : ਭਾਰਤ ਦੇ ਦੱਖਣੀ ਸੂਬੇ ਕੇਰਲ ਦੇ ਕਈ ਹਿੱਸਿਆਂ ਵਿਚ ਸ਼ੁੱਕਰਵਾਰ ਸਵੇਰ ਭਾਰੀ ਮੀਂਹ ਪੈਣ ਕਾਰਨ ਸੜਕਾਂ ’ਤੇ ਪਾਣੀ ਭਰਨ ਨਾਲ ਆਵਜਾਈ ਪ੍ਰਭਾਵਤ ਹੋਈ। ਉਧਰ ਭਾਰਤੀ ਮੌਸਮ ਵਿਭਾਗ ਨੇ ਸੱਤ ਜ਼ਿਲ੍ਹਿਆਂ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। ਭਾਰੀ ਮੀਂਹ ਦੀ ਚੇਤਾਵਨੀ ਦੇ ਮੱਦੇਨਜ਼ਰ ਆਫਤ ਪ੍ਰਬੰਧਨ ਵਿਭਾਗ ਨੇ ਢਿੱਗਾਂ ਖਿਸਕਣ ਅਤੇ ਹੜ੍ਹ ਸੰਭਾਵਤ ਖੇਤਰਾਂ ਵਿਚ ਰਹਿ ਰਹੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਲਈ ਕਿਹਾ ਹੈ। ਇਸ ਦੇ ਨਾਲ ਹੀ ਹੇਠਲੇ ਖੇਤਰ ਅਤੇ ਨਦੀ ਕਿਨਾਰੇ ਰਹਿਣ ਵਾਲੇ ਲੋਕਾਂ ਨੂੰ ਰਾਹਤ ਕੈਂਪਾਂ ਵਿਚ ਜਾਣ ਦੀ ਸਲਾਹ ਦਿੱਤੀ ਗਈ ਹੈ।
ਟਾਈਟਲਰ ਖਿਲਾਫ ਦੋਸ਼ ਤੈਅ
ਨਵੀਂ ਦਿੱਲੀ : 1984 ਦੇ ਸਿੱਖ ਨਸਲਕੁਸ਼ੀ ਮਾਮਲੇ ’ਚ ਕਾਂਗਰਸੀ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਜਗਦੀਸ਼ ਟਾਈਟਲਰ ’ਤੇ ਦਿੱਲੀ ਦੀ ਅਦਾਲਤ ਨੇ ਦੋਸ਼ ਤੈਅ ਕਰ ਦਿੱਤੇ ਹਨ। ਰਾਊਜ ਐਵਨਿਊ ਕੋਰਟ ਨੇ ਉਸ ਖਿਲਾਫ ਗੁਰਦੁਆਰਾ ਪੁਲ ਬੰਗਸ਼ ਨੇੜੇ 3 ਸਿੱਖਾਂ ਦੇ ਹੋਏ ਕਤਲ ਦੇ ਮਾਮਲੇ ’ਚ ਧਾਰਾ 143, 147, 302, 109, 295 ਤਹਿਤ ਦੋਸ਼ ਤੈਅ ਕੀਤੇ ਹਨ ਅਤੇ ਹੁਣ ਉਸ ਖਿਲਾਫ ਮੁਕੱਦਮੇ ਦੀ ਕਾਰਵਾਈ ਅੱਗੇ ਵਧਾਈ ਜਾਵੇਗੀ। ਇਹ ਨਸਲਕੁਸ਼ੀ ਦੀ ਭਿਆਨਕ ਘਟਨਾ 31 ਅਕਤੂਬਰ, 1984 ਨੂੰ ਮੌਕੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਉਨ੍ਹਾ ਦੇ ਸੁਰੱਖਿਆ ਕਰਮੀਆਂ ਵੱਲੋਂ ਹੱਤਿਆ ਕੀਤੇ ਜਾਣ ਤੋਂ ਬਾਅਦ ਵਾਪਰੀ ਸੀ।