ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਕੰਗਣਾ ਰਣੌਤ ਦੀ ਫਿਲਮ ‘ਐਮਰਜੈਂਸੀ’ ਦੇ ਸੰਬੰਧ ’ਚ ਕੇਂਦਰੀ ਫਿਲਮ ਸਰਟੀਫਿਕੇਸ਼ਨ ਬੋਰਡ (ਸੀ ਬੀ ਐੱਫ ਸੀ) ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਫਿਲਮ ਵਿਚ ਇਤਿਹਾਸਕ ਘਟਨਾਵਾਂ ਅਤੇ ਸ਼ਖਸੀਅਤਾਂ, ਖਾਸ ਤੌਰ ’ਤੇ ਸਿੱਖ ਭਾਈਚਾਰੇ ਨਾਲ ਸੰਬੰਧਤ ਚਿੱਤਰਣ ’ਤੇ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਫਿਲਮ ਦੀ ਰਿਲੀਜ਼ ਨੂੰ ਰੋਕਣ ਦੀ ਮੰਗ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਭੇਜੇ ਗਏ ਨੋਟਿਸ ’ਚ ਦਾਅਵਾ ਕੀਤਾ ਗਿਆ ਹੈ ਕਿ ‘ਐਮਰਜੈਂਸੀ’ ਦਾ ਹਾਲ ਹੀ ’ਚ ਰਿਲੀਜ਼ ਹੋਇਆ ਟਰੇਲਰ ਇਤਿਹਾਸਕ ਤੱਥਾਂ ਨੂੰ ਗਲਤ ਢੰਗ ਨਾਲ ਪੇਸ਼ ਕਰਦਾ ਹੈ।
ਨੋਟਿਸ ’ਚ ਰਣੌਤ ’ਤੇ ਫਿਲਮ ‘ਐਮਰਜੈਂਸੀ’ ਦੀ ਵਰਤੋਂ ਕਾਂਗਰਸ ਪਾਰਟੀ ਵਿਰੁੱਧ ਕੋਈ ਸੱਚਾ ਸਿਆਸੀ ਜਾਂ ਇਤਿਹਾਸਕ ਬਿਆਨ ਦੇਣ ਲਈ ਨਹੀਂ, ਸਗੋਂ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਲਈ ਕਰਨ ਦਾ ਦੋਸ਼ ਵੀ ਲਾਇਆ ਗਿਆ ਹੈ।
ਨੋਟਿਸ ਰਾਹੀਂ ਸੀ ਬੀ ਐੱਫ ਸੀ ਨੂੰ ਨੋਟਿਸ ਮਿਲਣ ਦੇ ਸੱਤ ਦਿਨਾਂ ਦੇ ਅੰਦਰ ਇਸ ਮੁੱਦੇ ਨੂੰ ਹੱਲ ਕਰਨ ਲਈ ਕਿਹਾ ਹੈ ਅਤੇ ਚੇਤਾਵਨੀ ਦਿੱਤੀ ਹੈ ਕਿ ਅਜਿਹਾ ਨਾ ਹੋਣ ’ਤੇ ਉਹ ਉਚਿਤ ਅਦਾਲਤਾਂ ’ਚ ਹਰਜਾਨੇ ਅਤੇ ਹੋਰ ਉਪਾਅ ਲਈ ਕਾਨੂੰਨੀ ਕਾਰਵਾਈ ਕਰਨ ਲਈ ਮਜਬੂਰ ਹੋਣਗੇ।