ਰੀਓ ਡੀ ਜਨੇਰੀਓ : ਸੋਸ਼ਲ ਮੀਡੀਆ ਪਲੇਟਫਾਰਮ ‘ਐੱਕਸ’ ’ਤੇ ਆਏ ਦਿਨ ਦੁਨੀਆ ਦਾ ਕੋਈ ਨਾ ਕੋਈ ਦੇਸ਼ ਪਾਬੰਦੀ ਲਾ ਰਿਹਾ ਹੈ। ਹੁਣ ਇਸ ’ਚ ਇੱਕ ਹੋਰ ਦੇਸ਼ ਬ੍ਰਾਜ਼ੀਲ ਵੀ ਜੁੜ ਗਿਆ ਹੈ। ਪਹਿਲਾਂ ਟਵਿੱਟਰ ਹੁਣ ਸੋਸ਼ਲ ਮੀਡੀਆ ਪਲੇਟਫਾਰਮ ਐੱਕਸ ’ਤੇ ਬ੍ਰਾਜ਼ੀਲ ਨੇ ਪਾਬੰਦੀ ਲਾ ਦਿੱਤੀ ਹੈ। ਇਹ ਕਦਮ ਬ੍ਰਾਜ਼ੀਲ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਉਠਾਇਆ ਗਿਆ ਹੈ। ਦੋਸ਼ ਹੈ ਕਿ ਐੱਕਸ ਤੈਅ ਸਮੇਂ ਤੋਂ ਪਹਿਲਾਂ ਬ੍ਰਾਜ਼ੀਲ ’ਚ ਆਪਣੇ ਕਾਨੂੰਨੀ ਪ੍ਰਤੀਨਿਧੀ ਨੂੰ ਨਿਰਧਾਰਤ ਕਰਨ ਵਿੱਚ ਅਸਫ਼ਲ ਰਿਹਾ ਹੈ। ਬ੍ਰਾਜ਼ੀਲ ਦੀ ਸੁਪਰੀਮ ਫੈਡਰਲ ਕੋਰਟ ਦੇ ਮੰਤਰੀ ਅਲੈਕਸਾਂਦਰੇ ਮੋਰਾਸ ਨੇ ਐੱਕਸ ਨੂੰ ਤੁਰੰਤ ਪੂਰੀ ਤਰ੍ਹਾਂ ਬੰਦ ਕਰਨ ਦਾ ਆਦੇਸ਼ ਦਿੱਤਾ ਹੈ। ਇਹ ਉਦੋਂ ਤੱਕ ਲਈ ਹੈ, ਜਦੋਂ ਤੱਕ ਉਹ ਕੋਰਟ ਦੇ ਸਾਰੇ ਆਦੇਸ਼ਾਂ ਦਾ ਪਾਲਣ ਪੂਰੀ ਤਰ੍ਹਾਂ ਨਹੀਂ ਕਰਦਾ। ਨਾਲ ਹੀ ਤੈਅ ਕੀਤਾ ਗਿਆ ਜੁਰਮਾਨਾ ਵੀ ਦੇਣਾ ਹੋਵੇਗਾ। ਪੂਰੇ ਮਾਮਲੇ ਦੀ ਸ਼ੁਰੂਆਤ ਇਸੇ ਸਾਲ ਅਪ੍ਰੈਲ ’ਚ ਹੋਈ ਸੀ, ਜਦ ਜੱਜਾਂ ਨੇ ਗਲਤ ਜਾਣਕਾਰੀ ਫੈਲਾਉਣ ਦੇ ਦੋਸ਼ ’ਚ ਦਰਜਨਾਂ ਐੱਕਸ ਅਕਾਊਂਟ ਨੂੰ ਬੰਦ ਕਰ ਦਿੱਤਾ ਸੀ।
ਰੂਸੀ ਐੱਮ ਆਈ-8 ਹੈਲੀਕਾਪਟਰ ਲਾਪਤਾ
ਮਾਸਕੋ : ਰੂਸ ਦੇ ਪੂਰਬੀ ਇਲਾਕੇ ’ਚ ਸ਼ਨੀਵਾਰ ਲਾਪਤਾ ਹੋਏ ਹੈਲੀਕਾਪਟਰ ਦੀ ਤਲਾਸ਼ ’ਚ ਬਚਾਅ ਕਰਮਚਾਰੀ ਲੱਗੇ ਹੋਏ ਹਨ। ਇਸ ਹੈਲੀਕਾਪਟਰ ’ਚ 22 ਯਾਤਰੀ ਸਵਾਰ ਸਨ। ਰੂਸ ਦੀ ਸੰਘੀ ਹਵਾਈ ਏਜੰਸੀ ਨੇ ਇੱਕ ਬਿਆਨ ’ਚ ਕਿਹਾ ਕਿ ਐੱਮ ਆਈ-8 ਹੈਲੀਕਾਪਟਰ ਨੇ ਕਾਮਚਟਕਾ ਖੇਤਰ ’ਚ ਵਚਾਕਝੇਤਸ ਜਵਾਲਾਮੁਖੀ ਦੇ ਨੇੜੇ ਤੋਂ ਉਡਾਨ ਭਰੀ ਸੀ, ਪਰ ਉਹ ਆਪਣੇ ਸਥਾਨ ’ਤੇ ਨਹੀਂ ਪਹੁੰਚਿਆ। ਏਜੰਸੀ ਮੁਤਾਬਕ ਮੰਨਿਆ ਜਾ ਰਿਹਾ ਹੈ ਕਿ ਇਸ ਹੈਲੀਕਾਪਟਰ ’ਚ 19 ਯਾਤਰੀ ਅਤੇ ਚਾਲਕ ਦਲ ਦੇ ਤਿੰਨ ਮੈਂਬਰ ਸਵਾਰ ਸਨ।
60 ਸੀਟਾਂ ’ਤੇ ਚੋਣ ਲੜੇਗੀ ਐੱਨ ਸੀ ਪੀ : ਅਜੀਤ ਪਵਾਰ
ਮੁੰਬਈ : ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਤੇਜ਼ ਹੋ ਗਈਆਂ ਹਨ। ਸਾਰੀਆਂ ਪਾਰਟੀਆਂ ਨੇ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਚੋਣਾਂ ਦਾ ਅਧਿਕਾਰਤ ਐਲਾਨ ਹੋਣ ਤੋਂ ਪਹਿਲਾਂ ਹੀ ਮਹਾਂਯੁਤੀ ’ਚ ਸੀਟਾਂ ਦੇ ਬਟਵਾਰੇ ਨੂੰ ਲੈ ਕੇ ਖਿੱਚੋਤਾਣ ਚੱਲ ਰਹੀ ਹੈ। ਵਿਧਾਨ ਸਭਾ ’ਚ ਜ਼ਿਆਦਾ ਤੋਂ ਜ਼ਿਆਦਾ ਸੀਟਾਂ ’ਤੇ ਚੋਣ ਲੜਨ ਨੂੰ ਲੈ ਕੇ ਹਲਚਲ ਮਚੀ ਹੋਈ ਹੈ। ਇਸ ’ਚ ਰਾਸ਼ਟਰਵਾਦੀ ਕਾਂਗਰਸ ਦੇ ਪ੍ਰਮੁੱਖ ਅਜੀਤ ਪਵਾਰ ਗੁੱਟ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਲੋਕਾਂ ਨੂੰ ਆਪਣੇ ਵੱਖ ਖਿੱਚਣ ਲਈ ਤਿਆਰੀ ’ਚ ਲੱਗਾ ਹੈ। ਉਪ ਮੁੱਖ ਮੰਤਰੀ ਅਜੀਤ ਪਵਾਰ ਖੁਦ ਲੋਕਾਂ ਤੱਕ ਪਹੁੰਚ ਰਹੇ ਹਨ। ਉਨ੍ਹਾ ਇੱਕ ਬਿਆਨ ’ਚ ਕਿਹਾ ਕਿ ਚੋਣਾਂ ’ਚ ਐੱਨ ਸੀ ਪੀ ਨੂੰ ਕਰੀਬ 60 ਸੀਟਾਂ ਮਿਲਣਗੀਆਂ। ਨੌਜਵਾਨ ਐੱਨ ਸੀ ਪੀ ਦੀ ਮੀਟਿੰਗ ’ਚ ਵਰਕਰਾਂ ਦਾ ਮਾਰਗ-ਦਰਸ਼ਨ ਕਰਦੇ ਹੋਏ ਪਵਾਰ ਨੇ ਕਿਹਾ ਕਿ ਉਨ੍ਹਾ ਦੀ ਪਾਰਟੀ 60 ਸੀਟਾਂ ’ਤੇ ਚੋਣ ਲੜੇਗੀ। ਅਸੀਂ ਲੋਕ ਸਭਾ ਦਾ ਨੈਰੇਟਿਵ ਬਦਲਣਾ ਚਾਹੁੰਦੇ ਹਾਂ।
ਟਰੰਪ ਦੀ ਸੁਰੱਖਿਆ ’ਚ ਫਿਰ ਸੇਂਧ
ਵਾਸ਼ਿੰਗਟਨ : ਅਮਰੀਕਾ ਦੇ ਪੈਨਸਿਲਵੇਨੀਆ ’ਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰੈਲੀ ’ਚ ਇੱਕ ਵਾਰ ਫਿਰ ਤੋਂ ਸੁਰੱਖਿਆ ’ਚ ਸੇਂਧ ਦੇਖਣ ਨੂੰ ਮਿਲੀ। ਪੈਨਸਿਲਵੇਨੀਆ ਦੇ ਜਾਨਸਟਾਊਨ ’ਚ ਸਾਬਕਾ ਰਾਸ਼ਟਰਪਤੀ ਟਰੰਪ ਦੀ ਰੈਲੀ ’ਚ ਸ਼ੁੱਕਰਵਾਰ ਇੱਕ ਅਣਪਛਾਤਾ ਮੀਡੀਆ ਗੈਲਰੀ ’ਚ ਦੇਖਿਆ ਗਿਆ। ਹਾਲਾਂਕਿ ਉਸ ਵਿਅਕਤੀ ਨੂੰ ਤੁਰੰਤ ਪੁਲਸ ਨੇ ਘੇਰ ਲਿਆ ਅਤੇ ਕਾਬੂ ਕਰ ਲਿਆ। ਇਹ ਘਟਨਾ ਬਟਲਰ ’ਚ ਇੱਕ ਰੈਲੀ ਦੌਰਾਨ ਹੋਈ। ਇਸ ਤੋਂ ਪਹਿਲਾਂ ਦੀ ਘਟਨਾ ’ਚ ਟਰੰਪ ਦੇ ਕੰਨ ਦੇ ਕੋਲੋਂ ਗੋਲੀ ਨਿਕਲ ਗਈ ਸੀ।