ਨਵੀਂ ਦਿੱਲੀ : ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਦੇ ਪ੍ਰੋਡਕਟ ‘ਦਿਵਿਆ ਦੰਤ ਮੰਜਨ’ ’ਚ ਨਾਨਵੈੱਜ ਮਟੀਰੀਅਲ ਹੋਣ ਦਾ ਦਾਅਵਾ ਕੀਤਾ ਗਿਆ ਹੈ। ਇਸ ਨੂੰ ਲੈ ਕੇ ਦਿੱਲੀ ਹਾਈ ਕੋਰਟ ’ਚ ਪਟੀਸ਼ਨ ਦਾਖ਼ਲ ਕੀਤੀ ਗਈ ਹੈ। ਕੋਰਟ ਨੇ ਪਟੀਸਨ ਸਵੀਕਾਰ ਕਰਦੇ ਹੋਏ ਕੇਂਦਰ ਸਰਕਾਰ, ਪਤੰਜਲੀ, ਬਾਬਾ ਰਾਮਦੇਵ, ਅਚਾਰੀਆ ਬਾਲ�ਿਸ਼ਨ ਅਤੇ ਹੋਰਨਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਪਟੀਸ਼ਨ ’ਚ ਕਿਹਾ ਗਿਆ ਹੈ ਕਿ ਬਾਜ਼ਾਰ ’ਚ ‘ਦਿਵਿਆ ਦੰਤ ਮੰਜਨ’ ਨੂੰ ਸ਼ਾਕਾਹਾਰੀ ਉਤਪਾਦ ਦੱਸ ਕੇ ਵੇਚਿਆ ਜਾ ਰਿਹਾ ਹੈ, ਜਦਕਿ ਉਸ ’ਚ ਮੱਛੀ ਦੇ ਤੱਤ ਸ਼ਾਮਲ ਹਨ। ਇਹ ਪਟੀਸ਼ਨ ਐਡਵੋਕੇਟ ਜਤਿਨ ਸ਼ਰਮਾ ਵੱਲੋਂ ਪਾਈ ਗਈ ਹੈ। ਇਸ ’ਚ ਕਿਹਾ ਗਿਆ ਹੈ ਕਿ ਕੰਪਨੀ ਆਪਣੇ ‘ਦਿਵਿਆ ਦੰਤ ਮੰਜਨ’ ’ਚ ਸਮੁੰਦਰ ਫੇਨ ਕਟਲਫ਼ਿਸ਼) ਨਾਂਅ ਦਾ ਮਾਸਾਹਾਰੀ ਪਦਾਰਥ ਇਸਤੇਮਾਲ ਕਰਦੀ ਹੈ। ਪਟੀਸ਼ਨਕਰਤਾ ਨੇ ਕਿਹਾ ਕਿ ਇਸ ਬਾਰੇ ਉਨ੍ਹਾ ਦਿੱਲੀ ਪੁਲਸ, ਹੈੱਲਥ ਅਤੇ ਫੈਮਿਲੀ ਵੈੱਲਫੇਅਰ ਮਨਿਸਟਰੀ, ਕੇਂਦਰੀ ਡਰੱਗ ਕੰਟਰੋਲ ਸੰਗਠਨ ਅਤੇ ਆਯੂਸ਼ ਮਨਿਸਟਰੀ ਨੂੰ ਵੀ ਕਈ ਵਾਰ ਸ਼ਿਕਾਇਤ ਕੀਤੀ, ਪਰ ਕੋਈ ਕਾਰਵਾਈ ਨਹੀਂ ਹੋਈ। ਇਸ ਤੋਂ ਬਾਅਦ ਉਨ੍ਹਾ ਕੋਰਟ ਦਾ ਦਰਵਾਜ਼ਾ ਖੜਕਾਇਆ। ਮਾਮਲੇ ਦੀ ਅਗਲੀ ਸੁਣਵਾਈ 28 ਨਵੰਬਰ ਨੂੰ ਹੋਵੇਗੀ।