ਟੋਕੀਓ : ਜਾਪਾਨ ’ਚ ਇਸ ਸਾਲ ਦੀ ਪਹਿਲੀ ਛਿਮਾਹੀ ਦੌਰਾਨ ਕਰੀਬ 40 ਹਜ਼ਾਰ ਲੋਕਾਂ ਦੀ ਮੌਤ ਉਨ੍ਹਾਂ ਦੇ ਘਰਾਂ ’ਚ ਇਕੱਲੇ ਰਹਿਣ ਕਾਰਨ ਹੋਈੇ। ਇਹ ਅੰਕੜਾ ਜਪਾਨ ਦੀ ਪੁਲਸ ਵੱਲੋਂ ਜਾਰੀ ਕੀਤਾ ਗਿਆ ਹੈ। ਰਾਸ਼ਟਰੀ ਪੁਲਸ ਏਜੰਸੀ ਅਨੁਸਾਰ ਇਨ੍ਹਾਂ ’ਚੋਂ ਕਰੀਬ 4 ਹਜ਼ਾਰ ਲੋਕਾਂ ਦੀਆਂ ਲਾਸ਼ਾਂ ਉਨ੍ਹਾਂ ਦੀ ਮੌਤ ਦੇ ਇੱਕ ਮਹੀਨਾ ਬਾਅਦ ਮਿਲੀਆਂ ਅਤੇ 130 ਲੋਕਾਂ ਦੀਆਂ ਲਾਸ਼ਾਂ ਦਾ ਕਰੀਬ ਇੱਕ ਸਾਲ ਤੱਕ ਕੋਈ ਪਤਾ ਨਹੀਂ ਲੱਗਿਆ। ਸੰਯੁਕਤ ਰਾਸ਼ਟਰ ਮੁਤਾਬਕ ਮੌਜੂਦਾ ਸਮੇਂ ’ਚ ਜਾਪਾਨ ’ਚ ਸਭ ਤੋਂ ਜ਼ਿਆਦਾ ਬਜ਼ੁਰਗਾਂ ਦੀ ਗਿਣਤੀ ਹੈ ਅਤੇ ਉਥੇ ਇਕੱਲਾਪਣ ਵੀ ਗੰਭੀਰ ਸਮੱਸਿਆ ਹੈ। ਜਾਪਾਨੀ ਪੁਲਸ ਏਜੰਸੀ ਨੂੰ ਉਮੀਦ ਹੈ ਕਿ ਇਹ ਰਿਪੋਰਟ ਦੇਸ਼ ’ਚ ਉਮਰਦਰਾਜ ਲੋਕਾਂ ਦੀ ਵਧਦੀ ਗਿਣਤੀ ਦੀ ਸਮੱਸਿਆ ਨੂੰ ਉਜਾਗਰ ਕਰਨ ’ਚ ਮਦਦ ਕਰੇਗੀ, ਜੋ ਇਕੱਲੇ ਜਿਊਂਦੇ ਅਤੇ ਇਕੱਲੇ ਮਰਨ ਲਈ ਮਜਬੂਰ ਹਨ।
ਰਾਸ਼ਟਰੀ ਪੁਲਸ ਏਜੰਸੀ ਦੇ ਡਾਟਾ ਅਨੁਸਾਰ ਇਕੱਲੇ ਰਹਿਣ ਵਾਲੇ ਕਰੀਬ 37, 227 ਲੋਕ ਆਪਣੇ ਘਰਾਂ ’ਚ ਮਿ੍ਰਤਕ ਪਾਏ ਗਏ। ਇਨ੍ਹਾਂ ’ਚੋਂ 70 ਫੀਸਦੀ ਲੋਕ 65 ਜਾਂ ਇਸ ਤੋਂ ਜ਼ਿਆਦਾ ਦੀ ਉਮਰ ਦੇ ਸਨ। ਕਰੀਬ 40 ਫੀਸਦੀ ਲੋਕਾਂ ਦੀਆਂ ਲਾਸ਼ਾਂ ਇੱਕ ਮਹੀਨੇ ਦੇ ਅੰਦਰ ਮਿਲੀਆਂ, ਜਦਕਿ ਕਰੀਬ 3939 ਲੋਕਾਂ ਦੀਆਂ ਲਾਸ਼ਾਂ ਮੌਤ ਦੇ ਇੱਕ ਮਹੀਨੇ ਬਾਅਦ ਮਿਲੀਆਂ ਅਤੇ 130 ਲੋਕਾਂ ਇਸ ਤਰ੍ਹਾਂ ਦੇ ਹਨ, ਜਿਨ੍ਹਾਂ ਦੀ ਭਾਲ ਤੋਂ ਪਹਿਲਾਂ ਇਨ੍ਹਾਂ ਵੱਲ ਕਿਸੇ ਦਾ ਧਿਆਨ ਨਹੀਂ ਗਿਆ।
ਜਾਪਾਨੀ ਪਬਲਿਕ ਟੀ ਵੀ ਨੈੱਟਵਰਕ ਐੱਨ ਐੱਚ ਕੇ ਮੁਤਾਬਕ ਪੁਲਸ ਏਜੰਸੀ ਇਸ ਡਾਟੇ ਨੂੰ ਇੱਕ ਸਰਕਾਰੀ ਸਮੂਹ ਨੂੰ ਦੇਵੇਗੀ, ਜੋ ਲਵਾਰਿਸ ਮੌਤਾਂ ਦੀ ਜਾਂਚ ਕਰ ਰਹੀ ਹੈ।