ਇੰਫਾਲ : ਮਨੀਪੁਰ ਦੇ ਕਈ ਇਲਾਕਿਆਂ ’ਚ ਕੁਕੀ-ਜੋ ਭਾਈਚਾਰੇ ਦੇ ਲੋਕਾਂ ਨੇ ਸ਼ਨੀਵਾਰ ਨੂੰ ਵੱਖਰੇ ਪ੍ਰਸ਼ਾਸਨ ਦੀ ਮੰਗ ਕਰਦੇ ਹੋਏ ਤਿੰਨ ਰੈਲੀਆਂ ਕੱਢੀਆਂ। ਉਨ੍ਹਾਂ ਇਸ ਰੈਲੀ ਨੂੰ ਕਤਲੇਆਮ ਅਤੇ ਜਾਤੀ ਸਫਾਇਆ ਖਿਲਾਫ਼ ਆਪਣਾ ਵਿਰੋਧ ਪ੍ਰਗਟਾਉਣ ਅਤੇ ‘ਵੱਖਰਾ ਪ੍ਰਸ਼ਾਸਨ’ ਦੀ ਮੰਗ ਨੂੰ ਅੱਗੇ ਵਧਾਉਣ ਦਾ ਸੱਦਾ ਦੱਸਿਆ। ਇਹ ਰੈਲੀਆਂ ਮੁੱਖ ਮੰਤਰੀ ਐੱਨ ਬੀਰੇਨ ਸਿੰਘ ਦੇ ਕਥਿਤ ਤੌਰ ’ਤੇ ਵਾਇਰਲ ਆਡੀਓ ਕਲਿਪ ਦੇ ਮੱਦੇਨਜ਼ਰ ਵੀ ਕੀਤੀਆਂ ਗਈਆਂ ਸਨ, ਜਿਸ ’ਚ ਕਥਿਤ ਤੌਰ ’ਤੇ ਸੂਬੇ ’ਚ ਸੰਘਰਸ਼ ਨੂੰ ਲੈ ਕੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਗਈਆਂ ਸਨ। ਹਾਲਾਂਕਿ ਮਨੀਪੁਰ ਸਰਕਾਰ ਨੇ ਕਿਹਾ ਕਿ ਆਡੀਓ ਟੇਪ ਨਾਲ ਛੇੜਛਾੜ ਕੀਤੀ ਗਈ ਸੀ ਅਤੇ ਸੂਬਾ ਪੁਲਸ ਇਸ ਦੀ ਜਾਂਚ ਕਰ ਰਹੀ ਹੈ। ਚੁਰਾਚਾਂਦਪੁਰ ’ਚ ਵਿਰੋਧ ਰੈਲੀਅ ਲੀਸ਼ਾਂਗ ’ਚ ਐਂਗਲੋ ਕੁਕੀ ਵਾਰ ਐਂਟਰੀ ਤੋਂ ਸ਼ੁਰੂ ਹੋਈ ਅਤੇ ਤੁਈਬੋਂਗ ’ਚ ਸ਼ਾਂਤੀ ਮੈਦਾਨ ਤੱਕ ਗਈ, ਜਿਸ ’ਚ 6 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਗਈ। ਓਮ ਵਿਦਿਆਰਥੀ ਸੰਘ ਅਤੇ ਕੁਕੀ ਵਿਦਿਆਰਥੀ ਸੰਗਠਨ ਸਮੇਤ ਚੁਰਾਚਾਂਦਪੁਰ ’ਚ ਸਥਿਤ ਵਿਦਿਆਰਥੀਆਂ ਵੱਲੋਂ ਰੈਲੀ ਦੇ ਤਹਿਤ ਜ਼ਿਲ੍ਹੇ ਦੇ ਸਾਰੇ ਬਾਜ਼ਾਰ ਤੇ ਸਕੂਲ ਬੰਦ ਰਹੇ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਮਈ ਤੋਂ ਇੰਫਾਲ ਘਾਟੀ ’ਚ ਮੈਤੇਈ ਅਤੇ ਨੇੜੇ ਦੀਆਂ ਪਹਾੜੀਆਂ ’ਤੇ ਸਥਿਤ ਕੁਕੀ-ਜੋ ਸਮੂਹਾਂ ਵਿਚਾਲੇ ਜਾਤੀ ਹਿੰਸਾ ਵਿੱਚ 220 ਤੋਂ ਵੱਧ ਲੋਕ ਮਾਰੇ ਗਏ ਹਨ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ।