ਬੰਗਲੂਰੂ : ਕਰਨਾਟਕ ਦੇ ਰਾਜਪਾਲ ਥਾਵਰ ਚੰਦ ਗਹਿਲੋਤ ਵੱਲੋਂ ਸੂਬੇ ਦੇ ਮੁੱਖ ਮੰਤਰੀ ਸਿਧਾਰਮਈਆ ਖ਼ਿਲਾਫ਼ ਮੁਕੱਦਮਾ ਚਲਾਏ ਜਾਣ ਦੀ ਮਨਜ਼ੂਰੀ ਦਿੱਤੇ ਜਾਣ ਖ਼ਿਲਾਫ਼ ਸ਼ਨੀਵਾਰ ਸੂਬੇ ਦੇ ਮੰਤਰੀਆਂ, ਵਿਧਾਇਕਾਂ ਤੇ ਕਾਂਗਰਸੀ ਆਗੂਆਂ ਨੇ ਰਾਜਧਾਨੀ ਬੰਗਲੁਰੂ ’ਚ ‘ਰਾਜ ਭਵਨ ਚੱਲੋ’ ਮਾਰਚ ਤਹਿਤ ਰੋਸ ਮੁਜ਼ਾਹਰਾ ਕੀਤਾ, ਜਿਸ ਦੀ ਅਗਵਾਈ ਉਪ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਡੀ ਕੇ ਸ਼ਿਵਕੁਮਾਰ ਨੇ ਕੀਤੀ।ਹਾਕਮ ਪਾਰਟੀ ਕਾਂਗਰਸ ਦਾ ਦੋਸ਼ ਹੈ ਕਿ ਰਾਜਪਾਲ ਨੇ ਇਹ ਕਾਰਵਾਈ ਪੱਖਪਾਤੀ ਢੰਗ ਨਾਲ ਕੀਤੀ ਹੈ, ਕਿਉਕਿ ਰਾਜਪਾਲ ਅੱਗੇ ਅਜਿਹੇ ਹੋਰ ਵੀ ਕਈ ਮਾਮਲੇ ਜ਼ੇਰੇ-ਗ਼ੌਰ ਹਨ, ਪਰ ਗਹਿਲੋਤ ਨੇ ਸਿਰਫ਼ ਮੁੱਖ ਮੰਤਰੀ ਖ਼ਿਲਾਫ਼ ਹੀ ਕੇਸ ਚਲਾਉਣ ਦੀ ਮਨਜ਼ੂਰੀ ਦਿੱਤੀ।ਮੁਜ਼ਾਹਰਾਕਾਰੀਆਂ ਨੇ ਮੰਗ ਕੀਤੀ ਕਿ ਰਾਜਪਾਲ ਵੱਲੋਂ ਕੇਂਦਰੀ ਮੰਤਰੀ ਐੱਚ ਡੀ ਕੁਮਾਰਸਵਾਮੀ ਖ਼ਿਲਾਫ਼ ਵੀ ਮਾਇਨਿੰਗ ਮਾਮਲੇ ਵਿੱਚ ਕੇਸ ਚਲਾਉਣ ਦੀ ਪ੍ਰਵਾਨਗੀ ਦਿੱਤੀ ਜਾਵੇ।ਮਾਰਚ ਵਿਧਾਨ ਸਭਾ ਨੇੜੇ ਮਹਾਤਮਾ ਗਾਂਧੀ ਦੀ ਮੂਰਤੀ ਕੋਲੋਂ ਸ਼ੁਰੂ ਹੋ ਕੇ ਰਾਜ ਭਵਨ ਪੁੱਜਾ, ਜਿਥੇ ਕਾਂਗਰਸ ਨੇ ਰਾਜਪਾਲ ਦੇ ਨਾਂਅ ਇਕ ਮੰਗ ਪੱਤਰ ਦਿੱਤਾ।